ਲਖਵਿੰਦਰ ਸਿੰਘ
ਮਲੋਟ, 10 ਜੂਨ
ਇਥੇ ਰੇਲਵੇ ਲਾਈਨ ਦੇ ਨਾਲ ਸਥਿਤ ਸ਼ਮਸ਼ਾਨਘਾਟ ਤੋਂ ਫੈਲਦੀ ਅੱਗ ਨੇੜੇ ਸਥਿਤ ਐੱਫਸੀਆਈ ਦੇ ਗੁਦਾਮਾਂ ਨੂੰ ਪੈ ਗਈ, ਜਿਸ ’ਤੇ ਕਾਬੂ ਪਾਉਣ ਲਈ ਨੇੜਲੇ ਸ਼ਹਿਰਾਂ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਅਤੇ ਲੰਬੀ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਨੂੰ ਬੁਲਾਇਆ ਗਿਆ। ਮੁਕੰਦ ਸਿੰਘ, ਹਰਪਾਲ ਸਿੰਘ, ਕ੍ਰਿਸ਼ਨ ਮਦਾਨ ਨੇ ਦੱਸਿਆ ਕਿ ਸ਼ਮਸ਼ਾਨਘਾਟ ਵਿਖੇ ਮੁਰਦਿਆਂ ਦੇ ਨਾਲ ਰੱਖੇ ਜਾਂਦੇ ਕੱਪੜੇ, ਰਿਪੋਰਟਾਂ ਜਾਂ ਹੋਰ ਸਾਮਾਨ ਨੂੰ ਇਕੱਠਾ ਕਰਕੇ ਸਫਾਈ ਦੇ ਮੰਤਵ ਨਾਲ ਅੱਗ ਲਗਾਈ ਗਈ ਸੀ ਪਰ ਸ਼ਮਸ਼ਾਨਘਾਟ ਤੋਂ ਲੈ ਕੇ ਗੋਦਾਮਾਂ ਤੱਕ ਸੁੱਕੇ ਸਰਕੰਡੇ ਦੀ ਭਰਮਾਰ ਹੈ, ਜਿਸ ਨੂੰ ਅੱਗ ਪੈ ਗਈ, ਜੋ ਤੇਜ਼ ਹਵਾ ਕਰਕੇ ਫੈਲਦੀ ਗਈ ਤੇ ਐੱਫਸੀਆਈ (ਬਫਰ) ਗੋਦਾਮਾਂ ਨੂੰ ਪੈ ਗਈ। ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ’ਤੇ ਫਾਇਰ ਬ੍ਰਿਗੇਡ ਟੀਮਾਂ ਨੇ ਕਾਫੀ ਜੱਦੋ-ਜਹਿਦ ਉਪਰੰਤ ਕਾਬੂ ਪਾਇਆ। ਕੁੱਝ ਲੋਕਾਂ ਵੱਲੋਂ ਅੱਗ ਦਾ ਕਾਰਨ ਵੱਡੇ ਕਥਿਤ ਅਨਾਜ ਘਪਲੇ ਨੂੰ ਛੁਪਾਉਣ ਦਾ ਕਾਰਨ ਵੀ ਦੱਸਿਆ ਗਿਆ। ਸ਼ਹਿਰ ਵਾਸੀਆਂ ਮੰਗ ਕੀਤੀ ਕਿ ਅੱਗ ਲੱਗਣ ਸਬੰਧੀ ਪੜਤਾਲ ਕੀਤੀ ਜਾਣੀ ਲਾਜ਼ਮੀ ਹੈ, ਕਿਉਂਕਿ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਚੁੱਕੇ ਹਨ, ਜਿਸ ਉਪਰੰਤ ਮੁਲਾਜ਼ਮਾਂ ‘ਤੇ ਪੁਲੀਸ ਕੇਸ ਵੀ ਦਰਜ ਹੋਏ ਹਨ।