ਨਿੱਜੀ ਪੱਤਰ ਪ੍ਰੇਰਕ
ਮੋਗਾ, 19 ਜਨਵਰੀ
ਇੱਥੋਂ ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਸੱਚਰ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਅੱਜ ਜ਼ਿਲ੍ਹਾ ਪਰਿਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ ਅਤੇ ਮਾਰਕੀਟ ਕਮੇਟੀ ਚੇਅਰਮੈਨ ਐਡਵੋਕੇਟ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਮਾਲਵਿਕਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਤਿੰਨਾਂ ਆਗੂਆਂ ਦਾ ਹਲਕੇ ’ਚ ਚੰਗਾ ਪ੍ਰਭਾਵ ਹੈ। ਇਸ ਮੌਕੇ ਵੱਡੀ ਗਿਣਤੀ ’ਚ ਪੰਚ ਸਰਪੰਚ ਤੇ ਹੋਰ ਕਾਂਗਰਸੀ ਆਗੂ ਤੇ ਵਰਕਰ ਵੀ ਮੌਜੂਦ ਸਨ। ਇਸ ਮੌਕੇ ਮਾਲਵਿਕਾ ਨੇ ਵੋਟਰਾਂ ਨੂੰ ਭਰੋਸਾ ਦਿੰਦੇ ਕਿਹਾ ਕਿ ਉਹ ਉਨ੍ਹਾਂ ਦੀਆਂ ਉਮੀਦਾਂ ਉੱਤੇ ਖਰਾ ਉਤਰੇਗੀ। ਉਹ ਕੋਈ ਰਵਾਇਤੀ ਸਿਆਸੀ ਆਗੂ ਨਹੀਂ ਸਮਾਜ ਸੇਵਿਕਾ ਹੋਣ ਦੇ ਨਾਤੇ ਉਨ੍ਹਾਂ ਲੋਕਾਂ ਨੂੰ ਨੇੜੇ ਜਾ ਕੇ ਦੇਖਿਆ ਤੇ ਲੋਕ ਬਹੁਤ ਤਕਲੀਫ਼ ਵਿੱਚ ਹਨ। ਉਨ੍ਹਾਂ ਕਿਹਾ ਕਿ ਭਟਕ ਰਹੀ ਨੌਜਵਾਨੀ ਲਈ ਰੁਜ਼ਗਾਰ ਦੇ ਵਸੀਲੇ ਬਹੁਤ ਹੀ ਜ਼ਰੂਰੀ ਹਨ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ ਅਤੇ ਮਾਰਕੀਟ ਕਮੇਟੀ ਚੇਅਰਮੈਨ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਨੇ ਆਖਿਆ ਕਿ ਉਹ ਮਾਲਵਿਕਾ ਨਾਲ ਚੱਟਾਨ ਵਾਂਗ ਖੜ੍ਹੇ ਹਨ।