ਪੱਤਰ ਪ੍ਰੇਰਕ
ਮਾਨਸਾ, 30 ਮਾਰਚ
ਪੰਜਾਬ ਅਤੇ ਇਸਦੇ ਗੁਆਂਢੀ ਸੂਬੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਗਰਮੀ ਦਾ ਪ੍ਰਕੋਪ ਵੱਧਣ ਲੱਗਿਆ ਹੈ, ਜਿਸ ਨਾਲ ਆਮ ਬੰਦੇ ਦੀ ਜ਼ਿੰਦਗੀ ਦੁੱਭਰ ਹੋਣ ਲੱਗੀ ਹੈ। ਇਸ ਗਰਮੀ ਨੇ ਦੁਪਹਿਰ ਵੇਲੇ ਲੋਕਾਂ ਨੂੰ ਘਰਾਂ ’ਚੋਂ ਬਾਹਰ ਨਾ ਨਿਕਲਣ ਲਈ ਮਜ਼ਬੂਰ ਕਰ ਦਿੱਤਾ ਹੈ। ਰਾਜ ਵਿੱਚ ਅੱਜ 38.21 ਡਿਗਰੀ ਤਾਪਮਾਨ ਰਿਹਾ ਹੈ, ਜਿਸ ਦੇ ਮੌਸਮ ਮਹਿਕਮੇ ਅਨੁਸਾਰ ਇਸਦੇ ਐਤਵਾਰ ਤੱਕ 40 ਤੋਂ 41 ਡਿਗਰੀ ਹੋਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ, ਜਿਸ ਨਾਲ ਅਗਲੇ ਦਿਨਾਂ ’ਚ ਗਰਮੀ ਅਤੇ ਲੂ ਦੇ ਹੋਰ ਵੱਧਣ ਦੀ ਸੰਭਾਵਨਾ ਹੈ। ਮਾਲਵਾ ਖੇਤਰ ’ਚ ਪਿਛਲੇ ਫੱਗਣ ਮਹੀਨੇ ਮੀਂਹ ਨਾ ਪੈਣ ਤੋਂ ਬਾਅਦ ਹੁਣ ਗਰਮੀ ਵਿੱਚ ਬੇਹਦ ਵਾਧਾ ਹੋ ਗਿਆ ਹੈ, ਜਿਸ ਨਾਲ ਦਿਨ-ਰਾਤ ਘਰਾਂ ਵਿੱਚ ਏ.ਸੀ, ਕੂਲਰ ਤੇ ਪੱਖੇ ਚੱਲਣ ਲੱਗੇ ਹਨ। ਲੋਕਾਂ ਨੂੰ ਦਿਨ ਵੇਲੇ ਦੁੱਗਣੀ ਪਿਆਸ ਲੱਗਣ ਲੱਗੀ ਹੈ ਤੇ ਲੋਕ ਹੁਣ ਠੰਢੀਆਂ ਕੁਲਫ਼ੀਆਂ, ਆਈਸ ਕਰੀਮਾਂ ਤੇ ਹੋਰ ਠੰਢੇ ਪਦਾਰਥ ਛਕਣ ਨੂੰ ਤਰਜੀਹ ਦੇਣ ਲੱਗੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਮੁਤਾਬਕ ਅਗਲੇ ਦਿਨਾਂ ਵਿੱਚ ਮੌਸਮ ਵਿਚ ਤਬਦੀਲੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਰਾਤ ਦਾ ਪਾਰਾ 23 ਤੋਂ 25 ਡਿਗਰੀ ਰਹਿਣ ਲੱਗਿਆ ਹੈ, ਜਦੋਂਕਿ ਦਿਨ ਵੇਲੇ ਇਹ ਔਸਤ 38 ਤੋਂ 39 ਡਿਗਰੀ ਦੇ ਦਰਮਿਆਨ ਰਹਿਣ ਲੱਗਿਆ ਹੈ। ਇਸੇ ਦੌਰਾਨ ਸਿਹਤ ਵਿਭਾਗ ਮਾਨਸਾ ਵੱਲੋਂ ਇਥੇ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਨੈਸ਼ਨਲ ਪ੍ਰੋਗਰਾਮ ਆਫ ਕਲਾਈਮੇਟ ਚੇਂਜ ਐਂਡ ਹਿਊਮਨ ਹੈਲਥ ਦੇ ਅਧੀਨ ਗਰਮ ਲੂ ਦੇ ਮੱਦੇਨਜ਼ਰ ਸਾਰੇ ਅਧਿਕਾਰੀਆਂ ਨੂੰ ਇੱਕ ਵਿਸ਼ੇਸ ਟ੍ਰੇਨਿੰਗ ਦਿੱਤੀ ਗਈ, ਜਿਸ ਵਿੱਚ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਗਰਮ ਲੂ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਣ, ਲੱਸੀ ਤੇ ਤਰਲ ਪਦਾਰਥਾਂ ਦੀ ਵਰਤੋਂ ਵੱਧ ਕਰਨੀ, ਧੁੱਪ ਵਿੱਚ ਜਾਣ ਤੋਂ ਗੁਰੇਜ਼ ਕਰਨਾ, ਛਾਂ ਤੇ ਠੰਢੀ ਥਾਂ ’ਤੇ ਵੱਧ ਤੋ ਵੱਧ ਬੈਠਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਗਰਮੀਆਂ ਵਿੱਚ ਛਤਰੀ ਦੀ ਵਰਤੋਂ ਕਰਨੀ, ਗੱਡੀ ਵਿੱਚ ਬੈਠਣ ਸਮੇਂ ਗੱਡੀ ਦਾ ਤਾਪਮਾਨ ਪਹਿਲਾਂ ਨਾਰਮਲ ਕਰਨਾ,ਮੌਸਮ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ, ਜਦੋਂ ਕਿ ਖਾਸਕਰ ਬੱਚਿਆਂ,ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਵੱਧ ਤੋਂ ਵੱਧ ਘਰ ਦੇ ਅੰਦਰ ਰਹਿਣ ਅਤੇ ਖਾਸ ਕਰਕੇ 12 ਵਜੇ ਤੋਂ 3 ਵਜੇ ਤੱਕ ਘਰ ਤੋਂ ਬਾਹਰ ਨਾ ਜਾਣ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।