ਜਗਤਾਰ ਅਣਜਾਣ
ਮੌੜ ਮੰਡੀ, 5 ਫਰਵਰੀ
ਅਜੋਕੇ ਮਾਹੌਲ ਵਿੱਚ ਇੱਥੋਂ ਦੀ ਗ੍ਰਾਮ ਪੰਚਾਇਤ ਮਾਣਕ ਖਾਨਾ ਨੇ ਕਿਤਾਬ ਘਰ ਖੋਲ੍ਹ ਕੇ ਨਵੀਂ ਪੀੜ੍ਹੀ ਨੂੰ ਆਪਣੇ ਸੰਕਟ ਦੇ ਹੱਲ ਲੱਭਣ ਦਾ ਮੌਕਾ ਦਿੱਤਾ ਹੈ। ਪਿੰਡ ਲਈ ਅੱਜ ਦਾ ਦਿਨ ਸ਼ੁਭ ਮੰਨਿਆ ਜਾਣ ਲੱਗਾ ਜਦੋਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਬਠਿੰਡਾ ਪਰਮਵੀਰ ਸਿੰਘ ਨੇ ਕਿਤਾਬ ਘਰ ਦਾ ਦੌਰਾ ਕੀਤਾ ਤੇ ਪੰਚਾਇਤ ਨੂੰ 800 ਕਿਤਾਬਾਂ ਦੇ ਸੈੱਟ ਭੇਟ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਚਾਇਤ ਮਾਣਕ ਖਾਨਾ ਵਾਂਗ ਹੀ ਹੋਰਨਾਂ ਪੰਚਾਇਤਾਂ ਸਿਹਤ , ਸਿੱਖਿਆ ਤੇ ਖੇਡਾਂ ਦੇ ਖੇਤਰ ਵਾਲੇ ਵਿਕਾਸ ਕਾਰਜਾਂ ਦੇ ਕੰਮ ਕਰਨ। ਉਨ੍ਹਾਂ ਇਸ ਮੌਕੇ ਕਿਤਾਬ ਘਰ ਲਈ ਕੰਪਿਊਟਰ, ਐੱਲਈਡੀ , ਸੀਸੀਟੀਵੀ ਕੈਮਰੇ ਅਤੇ ਪਾਰਕ ਵਿੱਚ ਓਪਨ ਜਿਮ , ਝੂਲੇ ਤੇ ਛੋਟੇ ਬੱਚਿਆਂ ਲਈ ਖੇਡਾਂ ਦਾ ਸਾਮਾਨ ਦੇਣ ਦਾ ਐਲਾਨ ਕੀਤਾ। ਸਰਪੰਚ ਸੈਸਨਦੀਪ ਕੌਰ ਦੀ ਅਗਵਾਈ ਵਿੱਚ ਰੱਖੀ ਗਈ ਪਿੰਡ ਵਾਸੀਆਂ ਦੀ ਮੀਟਿੰਗ ਦੌਰਾਨ ਕਿਤਾਬ ਘਰ ਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਵਧੀਕ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਦਕਾ ਪਿੰਡ ਮਾਣਕ ਖਾਨਾ ਵਿਕਾਸ ਕਾਰਜਾਂ ਦੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਤਾਬ ਘਰ ਦੀ ਇਮਾਰਤ, ਫਰਨੀਚਰ ,ਕਿਤਾਬਾਂ ’ਤੇ 12 ਲੱਖ ਰੁਪਏ ਖਰਚ ਹੋਇਆ ਹੈ , ਸਾਰੀਆਂ ਸਹੂਲਤਾਂ ਨਾਲ ਲੈਸ ਕਿਤਾਬ ਘਰ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਅਖ਼ਬਾਰ ਤੇ ਰਸਾਲੇ ਪੜ੍ਹਨ ਲਈ ਮਿਲਣਗੇ ਅਤੇ ਇਸ ਕਿਤਾਬ ਘਰ ਵਿੱਚ ਨੇੜਲੇ ਪਿੰਡਾਂ ਦੇ ਵਿਦਿਆਰਥੀ ਤੇ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਦੀ ਖੁੱਲ੍ਹ ਹੋਵੇਗੀ।
ਇਸ ਮੌਕੇ ਬੀਡੀਪੀੳ ਰਵਿੰਦਰ ਸਿੰਘ , ਮਿਸ਼ਨ ਮੈਨੇਜਰ ਚਾਂਦ ਠਾਕੁਰ , ਸਰਪੰਚ ਮਲਕੀਤ ਖਾਨ, ਹਰਮੀਤ ਭੁੱਲਰ , ਹੁਸ਼ਿਆਰ ਸਿੰਘ, ਟਰਾਂਸਪੋਰਟਰ ਜਗਸੀਰ ਸਿੰਘ , ਪੰਚ ਛੋਟਾ ਸਿੰਘ ,ਹਰਬੰਸ ਸਿੰਘ ਅਤੇ ਗ੍ਰਾਮ ਸੇਵਕ ਪਰਮਜੀਤ ਭੁੱਲਰ ਹਾਜ਼ਰ ਸਨ ।