‘ਪਰਸੂ ਰਾਮ ਭਵਨ’ ਬਣਾਉਣ ਦਾ ਕੀਤਾ ਐਲਾਨ ਤੇ ਲੱਖਾਂ ਰੁਪਏ ਦੇ ਵੰਡੇ ਚੈੱਕ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 17 ਅਕਤੂਬਰ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਤੀਜੇ ਦਿਨ ਵੀ ਬਠਿੰਡੇ ’ਚ ਨੁੱਕੜ ਮੀਟਿੰਗਾਂ ਦਾ ਦੌਰ ਭਖ਼ਾਈ ਰੱਖਿਆ। ਉਨ੍ਹਾਂ ਸ਼ਹਿਰ ’ਚ ਨੁੱਕੜ ਮੀਟਿੰਗਾਂ ਕੀਤੀਆਂ ਅਤੇ ਕਈ ਸੰਸਥਾਵਾਂ ਦੇ ਕਾਰਜਾਂ ਨੂੰ ਹੋਰ ਗਤੀਸ਼ੀਲ ਕਰਨ ਲਈ ਚੈੱਕ ਵੰਡੇ। ਉਨ੍ਹਾਂ ਕਿਹਾ ਕਿ ਬਠਿੰਡਾ ਵਾਸੀ ਉਸ ਦਾ ਪਰਿਵਾਰ ਹਨ ਅਤੇ ਪਰਿਵਾਰ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਬਾਦਲ ਨੇ ਅੱਜ ਸਵੇਰੇ ਬ੍ਰਾਹਮਣ ਸਮਾਜ ਨਾਲ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਬਠਿੰਡਾ ਵਿੱਚ ‘ਪਰਸੂ ਰਾਮ ਭਵਨ’ ਬਣਾਉਣ ਦਾ ਐਲਾਨ ਕਰਦਿਆਂ, ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਲਈ ਢੁੱਕਵੀਂ ਜਗ੍ਹਾ ਵੇਖਣ ਦੀਆਂ ਹਦਾਇਤਾਂ ਦਿੱਤੀਆਂ। ਸ਼ਹਿਰੀ ਦੌਰੇ ਦੌਰਾਨ ਦਰਜਨਾਂ ਪਰਿਵਾਰ ਹੋਰ ਰਾਜਨੀਤਕ ਪਾਰਟੀਆਂ ਤੋਂ ਮੁੱਖ ਮੋੜ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ। ਵਿੱਤ ਮੰਤਰੀ ਵੱਲੋਂ ਅੰਗਹੀਣਾਂ ਲਈ ਟਰਾਈ ਸਾਈਕਲ, ਸਿਲਾਈ ਮਸ਼ੀਨਾਂ ਅਤੇ ਪੜ੍ਹਾਈ ਲਈ 26 ਲੱਖ, ਬਾਲ ਭਵਨ ਦੇ ਵਿਕਾਸ ਲਈ 6 ਲੱਖ, ਕੁਸ਼ਟ ਆਸ਼ਰਮ ਦੀ ਮੁਰੰਮਤ ਲਈ 2 ਲੱਖ, ਸਿਰਕੀ ਬਾਜ਼ਾਰ ਗਊਸ਼ਾਲਾ ਲਈ 10 ਲੱਖ, ਸਿਰਕੀ ਬੰਦ ਧਰਮਸ਼ਾਲਾ ਲਈ 3 ਲੱਖ, ਖੇਤਾ ਸਿੰਘ ਬਸਤੀ ਧਰਮਸ਼ਾਲਾ ਲਈ 10 ਲੱਖ, ਇੰਦਰਪ੍ਰਸਤ ਕਲੋਨੀ ਦੀਆਂ ਗਲੀਆਂ ਪੱਕੀਆਂ ਕਰਨ ਲਈ 20 ਲੱਖ ਅਤੇ ਕਿਲ੍ਹਾ ਰੋਡ ਤੇ ਬਿਜਲੀ ਦੀਆਂ ਨਵੀਆਂ ਤਾਰਾਂ ਪਾਉਣ ਲਈ 11 ਲੱਖ ਰੁਪਏ ਗਰਾਂਟ ਦੇ ਚੈੱਕ ਦਿੱਤੇ ਗਏ ।
ਇਨ੍ਹਾਂ ਮੌਕਿਆਂ ’ਤੇ ਸ੍ਰੀ ਬਾਦਲ ਦੇ ਨਾਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਚੇਅਰਮੈਨ ਕੇ ਕੇ ਅਗਰਵਾਲ, ਚੇਅਰਮੈਨ ਰਾਜਨ ਗਰਗ, ਕੌਂਸਲਰ ਬਲਜਿੰਦਰ ਠੇਕੇਦਾਰ, ਪਵਨ ਮਾਨੀ, ਚਰਨਜੀਤ ਭੋਲਾ ਅਤੇ ਵੱਡੀ ਗਿਣਤੀ ਵਿੱਚ ਕੌਂਸਲਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਕੈਪਸ਼ਨ:ਮਨਪ੍ਰੀਤ ਬਾਦਲ ਦੀਆਂ ਐਤਵਾਰ ਨੂੰ ਬਠਿੰਡਾ ਦੌਰੇ ਦੀ ਤਸਵੀਰ।