ਜੋਗਿੰਦਰ ਸਿੰਘ ਮਾਨ
ਮਾਨਸਾ, 14 ਜਨਵਰੀ
ਜਦੋਂ ਕੋਈ ਲੋਕ ਪੱਖੀ ਅੰਦੋਲਨ ਚੱਲਦੇ ਹਨ, ਕਿਸਾਨੀ ਸੰਘਰਸ਼ਾਂ ਵਜੋਂ ਜਾਣੇ ਜਾਂਦੇ ਪਿੰਡ ਭੈਣੀਬਾਘਾ ਦੀ ਬੀਏ ਕਰਦੀ ਇੱਕ ਲੜਕੀ ਮਨਪ੍ਰੀਤ ਕੌਰ ਹਰ ਰੋਜ਼ ਚਾਰ ਕਿਲੋਮੀਟਰ ਪਕੌੜਾ ਚੌਕ ਕੋਲ ਲੱਗੀ ਸਟੇਜ ਕੋਲ ਖੁਦ ਬੱਸ ਵੀ ਚਲਾ ਕੇ ਲੈ ਜਾਂਦੀ ਹੈ। ਜਿਸਨੂੰ ਸੰਘਰਸ਼ ਵਿੱਚ ਜੁੜੀਆਂ ਔਰਤਾਂ ਵੇਖ ਕੇ ਦੰਗ ਰਹਿ ਜਾਂਦੀਆਂ ਹਨ। ਉਹ ਬੇਸ਼ੱਕ ਬੱਸ ਚਲਾਉਣ ’ਚ ਹਾਲੇ ਪੂਰੀ ਪਰਪੱਕ ਨਹੀਂ ਹੋਈ ਪਰ ਉਸਦੇ ਜਜ਼ਬੇ ਨੂੰ ਦੇਖਕੇ ਹਰ ਕੋਈ ਸਲੂਟ ਕਰਦਾ ਹੈ।
21 ਵਰ੍ਹਿਆਂ ਦੀ ਮਨਪ੍ਰੀਤ ਕੌਰ ਗ੍ਰੈਜੁਏਸ਼ਨ ਕਰ ਰਹੀ ਹੈ। ਦੋ ਭੈਣ-ਭਰਾ ਮਨਪ੍ਰੀਤ ਕੌਰ ਲਵਪ੍ਰੀਤ ਸਿੰਘ ਆਪਣੇ ਵੀਰ ਤੋਂ ਤਿੰਨ ਸਾਲ ਛੋਟੀ ਹੋਣ ਦੇ ਬਾਵਜੂਦ ਘਰ ਦੀਆਂ ਜ਼ਿੰਮੇਵਾਰੀਆਂ ਭਰਾ ਦੇ ਬਰਾਬਰ ਸਾਂਭ ਰਹੀ ਹੈ। ਮਨਪ੍ਰੀਤ ਕੌਰ ਛੇ ਮਹੀਨਿਆਂ ਦੀ ਸੀ ਜਦੋ ਉਸਦਾ ਪਿਤਾ ਦੁਨੀਆਂ ਤੋਂ ਤੁਰ ਗਿਆ ਸੀ। ਦੁੱਖਾਂ-ਤਕਲੀਫਾਂ ਸਹਿੰਦੀ ਹੋਈ ਮਾਂ ਹਰਬੰਸ ਕੌਰ ਪੁੱਤ ਦੇ ਨਾਲ-ਨਾਲ ਬੇਟੀ ਦਾ ਪਾਲਣ ਪੋਸ਼ਣ ਕੀਤਾ। ਸੁਰਤ ਸੰਭਲੀ ਵਿੱਦਿਆਂ ਦੇ ਮੰਦਰ ਸਕੂਲ ’ਚ ਪੈਰ ਧਰਿਆ। ਅੱਜ ਤੋਂ 2 ਸਾਲ ਪਹਿਲਾਂ ਜਦੋਂ ਪਿੰਡ ਦੀ ਢਿੱਲੋਂ-ਪੱਤੀ ਵਾਲੀ ਧਰਮਸ਼ਾਲਾ ਵਿੱਚ ਭਾਰਤੀ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿੰਡ ਪੱਧਰੀ ਰੱਖੀ ਮੀਟਿੰਗ ਵਿੱਚ ਮਨਪ੍ਰੀਤ ਕੌਰ ਪਹਿਲੀ ਵਾਰ ਮੀਟਿੰਗ ਵਿੱਚ ਸ਼ਾਮਲ ਹੋਈ। ਉਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂ ਬੁਲਾਰਿਆਂ ਖਾਸ ਕਰਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦੇ ਵਿਚਾਰ ਸੁਣਨ ਤੋਂ ਬਾਅਦ ਉਸੇ ਨੇ ਵੀ ਕਿਸਾਨ ਸੰਘਰਸ਼ ’ਚ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ। ਪੜ੍ਹਾਈ ਤੋਂ ਬਾਅਦ ਜਦੋਂ ਵੀ ਵਿਹਲ ਮਿਲਦੀ ਤਾਂ ਉਸਨੇ ਜਥੇਬੰਦੀ ਦਾ ਝੰਡਾ ਚੁੱਕ ਕਿਸਾਨੀ ਸੰਘਰਸ਼ ਦੇ ਰਾਹ ਤੁਰ ਪੈਣਾ। 5 ਜੂਨ ਨੂੰ ਜਦੋਂ ਲੋਕ ਕਰੋਨਾਂ ਤੋਂ ਡਰ ਕੇ ਅੰਦਰੋਂ ਬਾਹਰ ਨਹੀਂ ਸੀ ਨਿਕਲਦੇ ਮੋਦੀ ਸਰਕਾਰ ਨੇ ਕਿਸਾਨੀ ਦੇ ਖਾਤਮੇ ਲਈ ਆਰਡੀਨੈਂਸ ਜਾਰੀ ਕਰ ਦਿੱਤੇ। ਜੋ ਬਾਅਦ ਵਿੱਚ ਕਾਨੂੰਨ ਬਣ ਗਏ। ਉਸ ਸਮੇਂ ਤੋਂ ਮਨਪ੍ਰੀਤ ਕੌਰ ਨੇ ਵੀ ਕੋਈ ਧਰਨਾ ਮੁਜ਼ਾਹਰਾ ਨਹੀਂ ਛੱਡਿਆ ਚਾਹੇ ਪਿੰਡਾਂ ਵਿੱਚ ਲੱਗੇ। ਪੰਜ ਰੋਜ਼ਾ ਅਕਾਲੀ-ਭਾਜਪਾ ਸਰਕਾਰ ਖ਼ਿਲਾਫ਼ ਧਰਨੇ ਹੋਣ ਜਾਂ ਫਿਰ ਬਾਦਲ ਪਿੰਡ ਲੱਗਿਆ ਮੋਰਚਾ ਤੇ ਹੁਣ 26-11-20 ਤੋਂ ਟਿਕਰੀ ਬਾਰਡਰ ਦਿੱਲੀ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਲੱਗੇ ਮੋਰਚੇ ਵਿੱਚ ਵੀ ਡਟੀ ਹੋਈ ਹੈ।