ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਕਤੂਬਰ
ਮਾਨਸਾ ਨੇੜਲੇ ਪਿੰਡ ਖੋਖਰ ਖੁਰਦ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਰੇਲਵੇ ਲਾਈਨਾਂ ਦੇ ਹੇਠੋਂ ਦੀ ਪੁਲੀ ਬਣਾਉਣ ਲਈ ਦਿੱਲੀ-ਫਿਰੋਜ਼ਪੁਰ ਰੇਲ ਟਰੈਕ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਆਵਾਜਾਈ ਠੱਪ ਕਰ ਦਿੱਤੀ। ਪਹਿਲਾਂ ਇਹ ਧਰਨਾ ਮਾਨਸਾ ਵਿਖੇ ਦੁਪਹਿਰ 12 ਵਜੇਂ ਤੋਂ ਸ਼ਾਮ 4 ਵਜੇ ਤੱਕ ਜਾਰੀ ਰਿਹਾ ਅਤੇ ਬਾਅਦ ਵਿੱਚ ਪਿੰਡ ਖੋਖਰ ਕਲਾਂ ਵਿਖੇ ਪੱਕੇ ਤੌਰ ’ਤੇ ਰੇਲਵੇ ਟਰੈਕ ’ਤੇ ਮੋਰਚੇ ਦੇ ਰੂਪ ਵਿੱਚ ਰੇਲਵੇ ਲਾਈਨਾਂ ’ਤੇ ਕਿਸਾਨ ਬੈਠ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਕਿਸਾਨਾਂ ਨੂੰ ਰੇਲਵੇ ਟਰੈਕ ਤੋਂ ਉਠਣ ਲਈ ਕਿਹਾ ਹੈ ਪਰ ਦੋਹਾਂ ਧਿਰਾਂ ਵਿਚਕਾਰ ਫਿਲਹਾਲ ਗੱਲਬਾਤ ਟੁੱਟ ਗਈ ਹੈ। ਰੇਲਵੇ ਲਾਈਨਾਂ ’ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਖੋਖਰ ਖੁਰਦ ਪਿੰਡ ਦਾ 976 ਏਕੜ ਰਕਬਾ ਨਹਿਰੀ ਪਾਣੀ ਨਾਲ ਸਿੰਜਾਈ ਹੁੰਦਾ ਸੀ ਪਰ ਕਈ ਸਾਲ ਪਹਿਲਾਂ 2013 ਵਿੱਚ ਨਹਿਰੀ ਮਹਿਕਮੇ ਵੱਲੋਂ ਖੋਖਰ ਕਲਾਂ ਅਤੇ ਖੋਖਰ ਖੁਰਦ ਪਿੰਡਾਂ ਦੇ ਮੋਘੇ ਭੈਣੀ ਰਜਵਾਹੇ ਨਾਲੋਂ ਵੱਖੋ-ਵੱਖਰੇ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਉਸ ਵੇਲੇ ਜੋ ਫਿਰੋਜ਼ਪੁਰ-ਦਿੱਲੀ ਰੇਲਵੇ ਲਾਇਨ ਦੇ ਹੇਠੋਂ ਦੀ ਨਹਿਰੀ ਪਾਣੀ ਲੰਘਣ ਲਈ ਪੁਲੀ ਬਣੀ ਹੋਈ ਸੀ, ਉਹ ਪੁਲੀ ਖੋਖਰ ਕਲਾਂ ਪਿੰਡ ਦੇ ਕਿਸਾਨਾਂ ਦੇ ਹਿੱਸੇ ਆ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਖੋਖਰ ਖੁਰਦ ਦੇ ਕਿਸਾਨਾਂ ਦੀ 976 ਏਕੜ ਜ਼ਮੀਨ ਪੁਲੀ ਨਾ ਹੋਣ ਕਰਕੇ ਸਾਲ 2013 ਤੋਂ ਮਾਰੂ ਬਣੀ ਪਈ ਹੈ ਅਤੇ ਕਈ ਸਾਲ ਭੱਜ ਨੱਠ ਕਰਨ ਉਪਰੰਤ ਖੋਖਰ ਖੁਰਦ ਦੇ ਕਿਸਾਨਾਂ ਨੇ ਰੇਲਵੇ ਵਿਭਾਗ ਤੋਂ ਪੁਲੀ ਬਣਾਉਣ ਲਈ ਮਨਜੂਰੀ ਤਾਂ ਲੈ ਲਈ ਹੈ ਪਰ ਉਸ ਬਦਲੇ ਤਕਰੀਬਨ ਸਵਾ ਕਰੋੜ ਰੁਪਏ ਰੇਲਵੇ ਵਿਭਾਗ ਵੱਲੋਂ ਪੀੜਤ ਕਿਸਾਨਾਂ ਨੂੰ ਭਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾੜੀ ਆਰਥਿਕ ਹਾਲਤ ਕਾਰਨ ਇੰਨੀ ਵੱਡੀ ਰਕਮ ਕਿਸਾਨ ਨਹੀਂ ਭਰ ਸਕਦੇ, ਜਿਸ ਕਰਕੇ ਇਹ ਰਕਮ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਨੂੰ ਭਰਨ ਦੀ ਮੰਗ ਕੀਤੀ ਜਾ ਰਹੀ ਹੈ।