ਪੱਤਰ ਪ੍ਰੇਰਕ
ਮਾਨਸਾ, 10 ਨਵੰਬਰ
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਸਿੰਘ ਨੇ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਸ਼ਹਿਰ ਮਾਨਸਾ ਵਿੱਚ ਡੇਂਗੂ ਪ੍ਰਤੀ ਜਾਗਰੂਕ ਹੋਣ ਲਈ ਘਰਾਂ ਦੇ ਅੰਦਰ ਅਤੇ ਬਾਹਰ ਖੜ੍ਹੇ ਪਾਣੀ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਡੇਂਗੂ ਬਾਰੇ ਜਾਗਰੂਕ ਕਰਨ ਹਿੱਤ ਜ਼ਿਲ੍ਹਾ ਅਤੇ ਬਲਾਕ ਪੱਧਰੀ ਟੀਮਾਂ ਵੱਲੋਂ ਸਰਵੇਖਣ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਅਧਿਕਾਰੀ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਏਡੀਜ਼ ਅਜੀਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਇਹ ਮੱਛਰ ਦਿਨ ਦੀ ਰੌਸ਼ਨੀ ਵੇਲੇ ਕੱਟਦਾ ਹੈ, ਘਰਾਂ ਵਿੱਚ ਕਿਤੇ ਵੀ ਖੜ੍ਹੇ ਪਾਣੀ ਉੱਤੇ ਇਹ ਮੱਛਰ ਪਨਪਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਘਰਾਂ ਵਿੱਚ ਜਾਂ ਘਰਾਂ ਦੇ ਆਲੇ ਦੁਆਲੇ ਪਾਣੀ ਨੂੰ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਸੰਤੋਸ਼ ਭਾਰਤੀ ਨੇ ਦੱਸਿਆ ਕਿ ਗਤੀਵਿਧੀਆਂ ਦਾ ਮੁੱਖ ਮਕਸਦ ਡੇਂਗੂ ਦੇ ਸੀਜ਼ਨ ਨੂੰ ਦੇਖਦੇ ਹੋਏ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨਾ ਹੈ, ਬਰਸਾਤ ਦਾ ਮੌਸਮ ਸ਼ੁਰੂ ਹੋਣ ਦੇ ਮੌਕੇ ’ਤੇ ਡੇਂਗੂ ਬੁਖਾਰ ਦਾ ਫੈਲਾਅ ਵੱਧ ਜਾਂਦਾ ਹੈ, ਜਿਸ ਲਈ ਬਰਸਾਤੀ ਮੌਸਮ ’ਚ ਆਪਣੇ ਆਲੇ-ਦੁਆਲੇ ਅਤੇ ਘਰਾਂ ਵਿਚ ਕਿਤੇ ਵੀ ਪਾਣੀ ਨੂੰ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ।