ਜੋਗਿੰਦਰ ਸਿੰਘ ਮਾਨ
ਮਾਨਸਾ, 18 ਫਰਵਰੀ
ਨਗਰ ਕੌਸਲ ਚੋਣਾਂ ਦੇ ਨਿਕਲੇ ਨਤੀਜਿਆਂ ਤੋਂ ਬਾਅਦ ਹੁਣ ਪ੍ਰਧਾਨਗੀਆਂ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਪ੍ਰਧਾਨਗੀਆਂ ਦੀ ਦੌੜ ਵਿਚ ਸਭ ਤੋਂ ਮੁੂਹਰੇ ਇਨ੍ਹਾਂ ਚੋਣਾਂ ਵਿਚ ਜਿੱਤੇ ਕਾਂਗਰਸੀ ਉਮੀਦਵਾਰ ਹਨ। ਕਾਂਗਰਸੀ ਨੇਤਾਵਾਂ ਦੇ ਘਰੇ ਪ੍ਰਧਾਨਗੀ ਦੇ ਦਾਅਵੇਦਾਰ ਹਾਜ਼ਰੀਆਂ ਭਰਨ ਲੱਗੇ ਹਨ। ਕਈ ਸਥਾਨਕ ਨੇਤਾਵਾਂ ਨੇ ਪ੍ਰਧਾਨਗੀ ਹਾਸਲ ਕਰਨ ਲਈ ਅੱਜ ਤੋਂ ਹੀ ਚੰਡੀਗੜ੍ਹ ਅਤੇ ਪਟਿਆਲਾ ਵਿਖੇ ਗੇੜੇ ਮਾਰਨੇ ਆਰੰਭ ਦਿੱਤੇ ਹਨ। ਕਈ ਆਗੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਟਿੱਕੂ ਦੇ ਨੇੜਲਿਆਂ ਨਾਲ ਰਾਬਤਾ ਕਾਇਮ ਕਰਨ ਲੱਗੇ ਹਨ।
ਪ੍ਰਾਪਤ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਜ਼ਿਲ੍ਹੇ ਦੀ ਹਰ ਨਗਰ ਕੌਂਸਲ ਵਿਚ ਪ੍ਰਧਾਨਗੀ ਦਾ ਤਾਜ ਆਪਣੇ ਸਿਰ ’ਤੇ ਸਜਾਉਣ ਲਈ ਗੰਢ ਤੁੱਪ ਕਰਨੀ ਸ਼ੁਰੂ ਕਰ ਦਿੱਤੀ ਹੈ। ਦਿਲਚਸਪ ਗੱਲ ਹੈ ਕਿ ਜਿਹੜੀਆਂ ਨਗਰ ਪੰਚਾਇਤਾਂ ਵਿਚ ਕਾਂਗਰਸੀ ਉਮੀਦਵਾਰ ਘੱਟ ਜਿੱਤੇ ਹਨ, ਉਥੇ ਜ਼ੋਰ ਅਜਮਾਈ ਲਈ ਵੱਧ ਤਾਕਤ ਵਰਤੀ ਜਾਣ ਲੱਗੀ ਹੈ। ਮਾਨਸਾ ਜ਼ਿਲ੍ਹੇ ਦੇ ਨਤੀਜਿਆਂ ਤੋਂ ਪ੍ਰਾਪਤ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਨਗਰ ਕੌਂਸਲ ਵਿਚ ਹੀ ਕਾਂਗਰਸ ਦੇ ਹੱਕ ਵਿਚ ਲੋਕਾਂ ਵਲੋਂ ਵੱਧ ਫਤਵਾ ਦਿੱਤਾ ਗਿਆ, ਜਦੋਂ ਕਿ ਬਾਕੀ ਸਾਰੀਆਂ ਥਾਵਾਂ ਉਤੇ ਅਜ਼ਾਦ ਉਮੀਦਵਾਰਾਂ ਦੀ ਚੜ੍ਹਾਈ ਕਾਇਮ ਰਹੀ ਹੈ। ਨਤੀਜਿਆਂ ਅਨੁਸਾਰ ਮਾਨਸਾ ਦੇ 27 ਵਾਰਡਾਂ ਵਿਚੋਂ ਕਾਂਗਰਸ ਦੇ 14, ਅਕਾਲੀ ਦਲ ਦੇ 2, ਆਪ ਦੇ 3 ਅਤੇ 8 ਅਜਾਦ ਉਮੀਦਵਾਰ ਚੋਣ ਜਿੱਤ ਗਏ ਹਨ। ਇਸੇ ਹੀ ਤਰ੍ਹਾਂ ਜੋਗਾ ਨਗਰ ਕੌਂਸਲ ਵਿਚ 13 ਵਿਚੋਂ 12 ਅਜਾਦ ਜਿੱਤੇ ਹਨ ਅਤੇ 1 ਕਾਂਗਰਸ ਦਾ ਚੋਣ ਜਿੱਤਿਆ ਹੈ। ਉਥੇ ਜੇਤੂ ਅਜਾਦਾਂ ਵਿਚ ਬਹੁਤੇ ਸੀ.ਪੀ.ਆਈ ਨਾਲ ਜੁੜੇ ਹੋਏ ਹਨ। ਇਸੇ ਹੀ ਤਰ੍ਹਾਂ ਬਰੇਟਾ ਵਿਚ 13 ਅਜਾਦ ਉਮੀਦਵਾਰ ਜੇਤੂ ਰਹੇ ਹਨ। ਇਨ੍ਹਾਂ ਅਜਾਦ ਕੌਂਸਲਰਾਂ ਨਾਲ ਹੁਣ ਕਾਂਗਰਸੀਆਂ ਨੇ ਸਾਈ-ਵਧਾਈ ਲਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਨ੍ਹਾਂ ਨੂੰ ਅਜਾਦਾਂ ਆਸਰੇ ਪ੍ਰਧਾਨਗੀ ਭਾਲ੍ਹੀ ਜਾਵੇ। ਬੋਹਾ ਵਿਚ ਪਈਆਂ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਦੌਰਾਨ ਕਾਂਗਰਸ ਦੇ 2, ਸ੍ਰੋਮਣੀ ਅਕਾਲੀ ਦਲ ਦੇ 2, 11 ਅਜ਼ਾਦ ਉਮੀਦਵਾਰ ਜੇਤੂ ਰਹੇ, ਪਰ ਦਿਲਚਸਪ ਗੱਲ ਹੈ ਕਿ ਉਥੇ ਅਕਾਲੀ ਤੇ ਕਾਂਗਰਸੀ ਆਪਣਾ ਕਬਜ਼ਾ ਜਮਾਉਣ ਦੀ ਗੱਲ ਕਹਿ ਰਹੇ ਹਨ।