ਜੋਗਿੰਦਰ ਸਿੰਘ ਮਾਨ
ਮਾਨਸਾ, 15 ਸਤੰਬਰ
ਮਾਨਸਾ ਤੋਂ ਸਰਦੂਲਗੜ੍ਹ ਹੋ ਕੇ ਅੱਗੇ ਸਿਰਸਾ ਤੱਕ ਹਰਿਆਣਾ ਅਤੇ ਰਾਜਸਥਾਨ ਨੂੰ ਮਿਲਾਉਣ ਵਾਲੀ ਨੈਸ਼ਨਲ ਹਾਈਵੇ-703 ਦੀ ਮੁਰੰਮਤ ਦਾ ਕਾਰਜ ਅੱਜ ਆਰੰਭ ਹੋ ਗਿਆ ਹੈ। ਨੈਸ਼ਨਲ ਹਾਈਵੇ ’ਤੇ ਪਿੰਡ ਭੰਮੇ ਕਲਾਂ ਤੋਂ ਸਰਦੂਲੇਵਾਲਾ ਤੱਕ 26 ਕਿਲੋਮੀਟਰ ਉਪਰ 20 ਕਰੋੜ 43 ਲੱਖ ਦੀ ਲਾਗਤ ਨਾਲ ਪਹਿਲਾਂ ਖੱਡੇ ਭਰਕੇ ਫਿਰ ਇੱਕ ਲੇਅਰਿੰਗ ਪੀਸੀ ਪਾਉਣ ਦਾ ਕੰਮ ਸ਼ੁਰੂ ਹੋਣ ਨਾਲ ਇਲਾਕੇ ਵਿੱਚ ਲੰਬੇ ਸਮੇਂ ਤੋਂ ਮੁੱਖ ਮਾਰਗ ਦੀ ਬਣੀ ਸਮੱਸਿਆ ਦੂਰ ਹੋ ਜਾਵੇਗੀ।
ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਇਸ ਮੁੱਖ ਮਾਰਗ ਦੇ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਕੇ ਕੰਮ ਬਕਾਇਦਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਪੰਜਾਬ ’ਚੋਂ ਹਰਿਆਣਾ ਅਤੇ ਰਾਜਸਥਾਨ ਨੂੰ ਜਾਣ-ਆਉਣ ਵਾਲੇ ਲੋਕਾਂ ਦਾ ਕੰਮ ਹੁਣ ਸੁਖਾਲਾ ਹੋ ਜਾਵੇਗਾ, ਜਿਸ ਨਾਲ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਰਸਤੇ ਰਾਹੀਂ ਮਾਨਸਾ ਤੋਂ ਹਰਿਆਣਾ ਅਤੇ ਰਾਜਸਥਾਨ, ਗੁਜਰਾਤ ਲਈ ਵੱਡੇ ਅਤੇ ਛੋਟੇ ਵਾਹਨ ਗੁਜਰਦੇ ਹਨ, ਜਿਸ ਕਰਕੇ ਮੁੱਖ ਮਾਰਗ ਉਪਰ ਖੱਡੇ ਪੈਣ ਨਾਲ ਲੋਕ ਪ੍ਰੇਸ਼ਾਨ ਸਨ।
ਸ੍ਰੀ ਬਣਾਂਵਾਲੀ ਨੇ ਇਹ ਵੀ ਦੱਸਿਆ ਕਿ ਸਰਦੂਲਗੜ੍ਹ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਜਿੱਥੇ ਪਾਈਪਲਾਈਨ ਨਹੀਂ ਸੀ, ਉਥੇ ਪਾਣੀ ਦੀਆਂ ਨਵੀਂਆਂ ਪਾਈਪਾਂ ਪਾ ਕੇ ਪਾਣੀ ਪਹੁੰਚਾਉਣ ਲਈ ਵੱਖਰੇ ਤੌਰ ’ਤੇ 5 ਕਰੋੜ 52 ਲੱਖ ਦੀ ਰਾਸ਼ੀ ਦੇ ਟੈਂਡਰ ਅਲਾਟ ਹੋ ਗਏ ਹਨ ਅਤੇ ਉਨ੍ਹਾਂ ਦੀ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ ਅਤੇ ਸਰਦੂਲਗੜ੍ਹ ਸ਼ਹਿਰ ਦੀ ਹਦੂਦ ਅੰਦਰ ਹਰ ਘਰ ਨੂੰ ਪਾਣੀ ਮਿਲੇਗਾ।