ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ
ਇੱਥੇ ਰੇਲਵੇ ਪੁਲ ਨੇੜੇ ਬੀਤੀ ਰਾਤ ਥਾਣਾ ਸਿਟੀ ਪੁਲੀਸ ਦੇ ਲੱਗੇ ਨਾਕੇ ਦੌਰਾਨ ਦੁਕਾਨਦਾਰ ਨੂੰ ਜੂਆ ਖੇਡਣ ਦੇ ਸ਼ੱਕ ’ਚ ਫੜੇ ਜਾਣ ਤੋਂ ਖ਼ਫਾ ਹੋਏ ਦੁਕਾਨਦਾਰਾਂ ਨੇ ਅੱਜ ਸਵੇਰ ਤੋਂ ਬਾਜ਼ਾਰ ਬੰਦ ਕਰ ਕੇ ਥਾਣਾ ਸਿਟੀ ਅੱਗੇ ਧਰਨਾ ਦਿੱਤਾ। ਇਸ ’ਤੇ ਥਾਣਾ ਸਿਟੀ ਮੁਖੀ ਨੇ ਸਾਰਾ ਮਾਮਲਾ ਵਿਚਾਰਨ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਵੱਲੋਂ ਖ਼ੁਦ ਮੁਆਫ਼ੀ ਮੰਗ ਕੇ ਮਸਲਾ ਸ਼ਾਂਤ ਕੀਤਾ। ਇਸ ਉਪਰੰਤ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹ ਲਈਆਂ।
ਜਾਣਕਾਰੀ ਅਨੁਸਾਰ ਦੁਕਾਨਦਾਰ ਕਾਲਾ ਆਪਣੀ ਕਰਿਆਣਾ ਦੀ ਦੁਕਾਨ ਬੰਦ ਕਰ ਕੇ ਸ਼ੁੱਕਰਵਾਰ ਦੀ ਰਾਤ ਨੂੰ ਕਰੀਬ 8 ਵਜੇ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ। ਉਹ ਜਦੋਂ ਰੇਲਵੇ ਪੁਲ ਤੋਂ ਉਤਰਿਆ ਤਾਂ ਉਸ ਨੇ ਉੱਥੇ ਲੱਗੇ ਨਾਕੇ ਦੇ ਮੁਲਾਜ਼ਮਾਂ ਦਾ ਰੁਕਣ ਦਾ ਇਸ਼ਾਰਾ ਨਹੀਂ ਵੇਖਿਆ ਤੇ ਮੋਟਰਸਾਈਕਲ ਅੱਗੇ ਲੈ ਗਿਆ। ਪੁਲੀਸ ਮੁਲਾਜ਼ਮਾਂ ਨੇ ਉਸ ਦਾ ਪਿੱਛਾ ਕਰ ਕੇ ਰੋਕ ਲਿਆ ਅਤੇ ਜੂਆ ਖੇਡਣ ਦੇ ਦੋਸ਼ ਵਿੱਚ ਥਾਣਾ ਸਿਟੀ ਵਿੱਚ ਬੰਦ ਕਰ ਦਿੱਤਾ। ਰਾਤ ਨੂੰ ਵੱਡੀ ਗਿਣਤੀ ਦੁਕਾਨਦਾਰ ਇਕੱਠੇ ਹੋ ਗਏ ਤੇ ਕਾਲੇ ਨੂੰ ਛੁਡਵਾ ਕੇ ਲੈ ਗਏ ਪਰ ਅੱਜ ਸਵੇਰੇ ਮਾਹੌਲ ਉਸ ਵੇਲੇ ਤਲਖ਼ੀ ਵਾਲਾ ਬਣ ਗਿਆ ਜਦੋਂ ਦੁਕਾਨਦਾਰਾਂ ਦੁਕਾਨਾਂ ਬੰਦ ਕਰ ਕੇ ਪੁਲੀਸ ਖ਼ਿਲਾਫ਼ ਧਰਨਾ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਅਗਰਵਾਲ ਸਮਾਜ ਸਭਾ ਦੇ ਪ੍ਰਧਾਨ ਦੀਪਕ ਗਰਗ, ਭਾਜਪਾ ਦੇ ਰਜੇਸ਼ ਪਠੇਲਾ ਹੋਰਾਂ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕੀਤੀ। ਇਸ ਦੌਰਾਨ ਥਾਣਾ ਸਿਟੀ ਮੁਖੀ ਵਰੁਣ ਕੁਮਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਪੁਲੀਸ ਮੁਲਾਜ਼ਮਾਂ ਤੋਂ ਜੇ ਕੋਈ ਗ਼ਲਤੀ ਹੋਈ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ। ਇਸ ਮਗਰੋਂ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹ ਲਈਆਂ।