ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 9 ਅਕਤੂਬਰ
ਇਥੇ ਮੰਡੀ ਰਾਮਾਂ ਦੇ ਇੱਕ ਵਪਾਰੀ ਤੋਂ ਇੱਕ ਕਰੋੜ ਰੁਪਏ ਫਿਰੌਤੀ ਮੰਗਣ ਦੀਆਂ ਖ਼ਬਰਾਂ ਤੋਂ ਬਾਅਦ ਹੁਣ ਤਲਵੰਡੀ ਸਾਬੋ ਦੇ ਦੁਕਾਨਦਾਰਾਂ ਨੇ ਗੈਂਗਸਟਰਾਂ ਦੇ ਨਾਂ ’ਤੇ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਲਗਾਉਂਦਿਆਂ ਰੋਸ ਵਜੋਂ ਅੱਜ ਬਾਜ਼ਾਰ ਬੰਦ ਰੱਖੇ। ਕੁਝ ਦੁਕਾਨਦਾਰਾਂ ਨੇ ਤਾਂ ਫਿਰੌਤੀ ਦੀ ਰਕਮ ਦੇ ਦੇਣ ਤੱਕ ਦਾ ਦਾਅਵਾ ਕੀਤਾ ਹੈ। ਇਸ ਮਗਰੋਂ ਅੱਜ ਬਾਜ਼ਾਰ ਬੰਦ ਕਰਕੇ ਸੰਕੇਤਕ ਰੋਸ ਪ੍ਰਗਟ ਕੀਤਾ ਅਤੇ ਪੁਲੀਸ ਅਧਿਕਾਰੀਆਂ ਨੂੰ ਮਿਲ ਕੇ ਕਾਰਵਾਈ ਦੀ ਮੰਗ ਵੀ ਕੀਤੀ ਗਈ। ਦੱਸਣਯੋਗ ਹੈ ਕਿ ਇੱਥੋਂ ਦੇ ਇੱਕ ਦੁਕਾਨਦਾਰ ਨੇ ਦੋਸ਼ ਲਾਇਆ ਕਿ ਕੁੱਝ ਨੌਜਵਾਨ ਉਸ ਦੀ ਦੁਕਾਨ ’ਤੇ ਆਏ ਅਤੇ ਇੱਕ ਨਾਮੀ ਗੈਂਗਸਟਰ ਦੇ ਨਾਂ ’ਤੇ ਉਸ ਕੋਲੋਂ ਪੰਜ ਲੱਖ ਰੁਪਏ ਦੀ ਫਿਰੌਤੀ ਮੰਗਣ ਲੱਗੇ ਜਿਸ ਮਗਰੋਂ ਦੁਕਾਨਦਾਰ ਭਾਈਚਾਰੇ ਦਾ ਇਕੱਠ ਸਥਾਨਕ ਮਾਈਸਰ ਮੰਦਰ ਵਿੱਚ ਕੀਤਾ ਗਿਆ। ਵਪਾਰੀਆਂ ਅਤੇ ਦੁਕਾਨਦਾਰਾਂ ਦੀ ਇਕੱਤਰਤਾ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਪਿਛਲੇ ਕੁਝ ਦਿਨਾਂ ਵਿੱਚ ਕਈ ਹੋਰਨਾਂ ਦੁਕਾਨਦਾਰਾਂ ਤੋਂ ਵੀ ਕਥਿੱਤ ਫਿਰੌਤੀ ਮੰਗੀ ਗਈ ਹੈ। ਦੁਕਾਨਦਾਰਾਂ ਨੇ ਸ਼ਹਿਰ ਦੇ ਬਾਜ਼ਾਰ ਬੰਦ ਕਰਕੇ ਸਮੂਹਿਕ ਰੂਪ ਵਿੱਚ ਥਾਣਾ ਤਲਵੰਡੀ ਸਾਬੋ ਵੱਲ ਵਹੀਰਾਂ ਘੱਤੀਆਂ ਅਤੇ ਥਾਣਾ ਮੁਖੀ ਗੁਰਵਿੰਦਰ ਸਿੰਘ ਅਤੇ ਡੀਐੱਸਪੀ ਤਲਵੰਡੀ ਸਾਬੋ ਬੂਟਾ ਸਿੰਘ ਗਿੱਲ ਨਾਲ ਮੁਲਾਕਾਤ ਕਰਕੇ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ। ਡੀਐੱਸਪੀ ਗਿੱਲ ਨੇ ਦੁਕਾਨਦਾਰਾਂ ਨੂੰ ਯਕੀਨ ਦਿਵਾਇਆ ਕਿ ਕਿਸੇ ਨੂੰ ਵੀ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਅਤੇ ਸਾਰੇ ਦੁਕਾਨਦਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਵਿੱਚ ਪੁਲੀਸ ਦੀ ਗਸ਼ਤ ਤੇਜ਼ ਕੀਤੀ ਜਾ ਰਹੀ ਹੈ ਅਤੇ ਕੋਈ ਵੀ ਦੁਕਾਨਦਾਰ ਪੁਲੀਸ ਨੂੰ ਅਜਿਹੀ ਕੋਈ ਧਮਕੀ ਮਿਲਣ ’ਤੇ ਅੱਧੀ ਰਾਤ ਨੂੰ ਵੀ ਸੂਚਿਤ ਕਰ ਸਕਦਾ ਹੈ।