ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਜਨਵਰੀ
ਕਿਸਾਨ ਸੰਘਰਸ਼ ਤਹਿਤ ਦਿੱਲੀ ਵਿੱਚ 26 ਜਨਵਰੀ ਨੂੰ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦੀ ਤਿਆਰੀ ਵਜੋਂ ਅੱਜ ਇੱਥੇ ਦੇਸ਼ ਭਗਤਾਂ, ਸਮਾਜ ਸੁਧਾਰਕਾਂ, ਗ਼ਦਰ ਲਹਿਰ ਤੇ ਖੇਤੀ ਅੰਦੋਲਨ ਦੇ ਬੈਨਰਾਂ ਨਾਲ ਸਜਾਏ ਟਰੈਕਟਰਾਂ ਨਾਲ ਵਿਲੱਖਣ ਟਰੈਕਟਰ ਮਾਰਚ ਕੱਢਿਆ ਗਿਆ। ਸਥਾਨਕ ਨਵੀਂ ਅਨਾਜ ਮੰਡੀ ਤੋਂ ਹਜ਼ਾਰਾਂ ਟਰੈਕਟਰ ਤੇ ਹੋਰ ਵਾਹਨਾਂ ਨਾਲ ਇਹ ਮਾਰਚ ਦੁਪਹਿਰ 12 ਵਜੇ ਸ਼ੁਰੂ ਹੋਇਆ। ਮਾਰਚ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚੋਂ ਲੰਘ ਕੇ ਅੱਗੇ ਬਾਘਾਪੁਰਾਣਾ ਹਲਕੇ ਦੇ ਪਿੰਡਾਂ ਵਿੱਚ ਪਹੁੰਚਿਆ। ਲੋਕਾਂ ਵੱਲੋਂ ਮਾਰਚ ਦਾ ਥਾਂ-ਥਾਂ ਨਿੱਘਾ ਸਵਾਗਤ ਕਰਦੇ ਹੋਏ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਨਾਅਰੇ ਲਗਾਏ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੌਰਾਨ ਲੱਡੂ, ਫਲਾਂ ਤੇ ਸਮੋਸਿਆਂ ਦੇ ਲੰਗਰ ਵੀ ਲਗਾਏ ਗਏ। ਸੂਬੇ ਦੀਆਂ 30 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਫਰੰਟ ਵੱਲੋਂ ਕੱਢਿਆ ਗਿਆ ਇਹ ਮਾਰਚ ਕੌਮੀ ਪਰੇਡ ਵਾਂਗ ਸਜਾਇਆ ਗਿਆ। ਟਰਾਲੀਆਂ ’ਤੇ ਦੇਸ਼ ਭਗਤਾਂ, ਸਮਾਜ ਸੁਧਾਰਕਾਂ ਤੇ ਗ਼ਦਰ ਲਹਿਰ ਬਾਬਿਆਂ ਦੇ ਫੌਲਾਦੀ ਇਰਾਦਿਆਂ ਦੀ ਝਲਕ ਅਤੇ ਸੂਬੇ ਦੀਆਂ ਜੁਝਾਰੂ ਕਿਸਾਨ ਲਹਿਰਾਂ ਦੀਆਂ ਤਸਵੀਰਾਂ ਅਤੇ ਸਿੱਖ ਤੇ ਪੰਜਾਬ ਦੀਆਂ ਗੌਰਵਮਈ ਪ੍ਰੰਪਰਾਵਾਂ ਨਾਲ ਸਬੰਧਤ ਝਲਕੀਆਂ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਮੌਜੂਦਾ ਖੇਤੀ ਅੰਦੋਲਨ ਸਬੰਧੀ ਮੰਗਾਂ ਦੇ ਚਾਰਟ ਤੇ ਬੈਨਰ ਵੀ ਸਨ।
ਚਾਉਕੇ (ਰਮਨਦੀਪ ਸਿੰਘ): ਕਿਸਾਨ ਸੰਯੁਕਤ ਮੋਰਚੇ ਵੱਲੋਂ 26 ਜਨਵਰੀ ਨੂੰ ਦਿਲੀ ਵਿੱਚ ਰੱਖੇ ਗਏ ਟਰੈਕਟਰ ਮਾਰਚ ਦੀ ਲਾਮਬੰਦੀ ਲਈ ਅੱਜ ਬਲਾਕ ਰਾਮਪੁਰਾ ਦੇ ਪਿੰਡਾਂ ਵਿੱਚ ਸਮਾਜ ਸੇਵੀ ਲੱਖਾ ਸਿਧਾਣਾ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਇਹ ਟਰੈਕਟਰ ਮਾਰਚ ਪਿੰਡ ਗਿੱਲ ਕਲਾਂ ਤੋ ਪਿੱਥੋ, ਜਿਉਦ, ਬਦਿਆਲਾ, ਚਾਉਕੇ, ਖੋਖਰ, ਢੱਡੇ, ਬਾਲਿਆਂਵਾਲੀ ਤੇ ਭੂੰਦੜ ਵਿੱਚੋਂ ਹੁੰਦਾ ਹੋਇਆ ਪਿੰਡ ਮੰਡੀ ਕਲਾਂ ਪਹੁੰਚ ਕੇ ਸਮਾਪਤ ਹੋਈਆ। ਪਿੰਡ ਮੰਡੀ ਕਲਾਂ ਦੀ ਅਨਾਜ ਮੰਡੀ ਵਿਚ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ 26 ਜਨਵਰੀ ਨੂੰ ਪੰਜਾਬ ਵਿੱਚੋਂ ਦਿੱਲੀ ਵਿਚ ਹੋਣ ਵਾਲੀ ਟਰੈਕਟਰ ਰੈਲੀ ਲਈ ਵੱਡੀ ਗਿਣਤੀ ਲੋਕ ਪੁੱਜਣ ਤਾਂ ਜੋ ਕੇਂਦਰ ਸਰਕਾਰ ਹਿੱਲ ਜਾਵੇ ਤੇ ਇਹ ਕਾਲੇ ਕਾਨੂੰਨ ਵਾਪਸ ਲੈ ਲਵੇ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਲੜਨ ਵਾਲੀਆਂ ਕੌਮਾਂ ਹੀ ਦੁਨੀਆਂ ’ਚ ਜਿਊਂਦੀਆਂ ਰਹਿੰਦੀਆਂ ਹਨ।
ਭੀਖੀ (ਕਰਨ ਭੀਖੀ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਕੇਂਦਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਪਿੰਡ ਅਤਲਾ ਖੁਰਦ ਤੋਂ ਟਰੈਕਟਰ ਮਾਰਚ ਕੱਢਿਆ ਜੋ ਕੋਟੜਾ ਕਲਾਂ, ਭੀਖੀ, ਸਮਾਓਂ, ਮੱਤੀ ਅਤੇ ਹੋਰ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਿਆਂ ਮਾਖਾ ਚਹਿਲਾਂ ਪਹੁੰਚਿਆ। ਇਸੇ ਦੌਰਾਨ ਭੀਖੀ ਦੇ ਮੁੱਖ ਬੱਸ ਸਟੈਂਡ ਅੰਦਰ ਕਿਸਾਨਾਂ ਵੱਲੋਂ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਕਿਸਾਨ ਆਗੂ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਟਰੈਕਟਰ ਮਾਰਚ ਕੱਢਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਜਾਗਰੂਕ ਕਰਨਾ ਹੈ ਅਤੇ ਆਉਣ ਵਾਲੀ 26 ਜਨਵਰੀ ਤੋਂ ਪਹਿਲਾਂ ਦਿੱਲੀ ਦੀ ਪਰੇਡ ਲਈ ਚਾਲੇ ਪਾਏ ਜਾਣਗੇ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੀ ਫਫੜੇ ਭਾਈ ਕੇ ਤੋਂ ਲੈ ਕੇ ਕਈ ਪਿੰਡਾਂ ’ਚ ਟਰੈਕਟਰ ਮਾਰਚ ਕੀਤਾ ਗਿਆ।