ਜਗਜੀਤ ਸਿੱਧੂ
ਤਲਵੰਡੀ ਸਾਬੋ, 8 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਚਲਾਏ ਜਾ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਪ੍ਰਬੰਧਕਾਂ ਉੱਪਰ ਕਥਿਤ ਨਾਜਾਇਜ਼ ਫੀਸਾਂ ਵਸੂਲਣ ਦੇ ਦੋਸ਼ ਲਾਉਂਦਿਆਂ ਮਾਪਿਆਂ ਅਤੇ ਵਿਦਿਆਰਥਣਾਂ ਨੇ ਕਾਲਜ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਪਿਆਂ ਅਤੇ ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਕਰੋਨਾ ਕਾਰਨ ਪਿਛਲੇ ਕਰੀਬ ਛੇ ਮਹੀਨੇ ਤੋਂ ਕਾਲਜ ਬੰਦ ਹੋਣ ਦੇ ਬਾਵਜੂਦ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵੱਲੋਂ ਉਨ੍ਹਾਂ ਤੋਂ ਵੈਨ ਖਰਚਾ, ਬਿਜਲੀ ਅਤੇ ਪਾਣੀ ਦਾ ਖਰਚਾ ਸਮੇਤ ਇਮਾਰਤ ਅਤੇ ਲਾਇਬਰੇਰੀ ਫੰਡ ਭਰਨ ਲਈ ਕਥਿਤ ਦਬਾਅ ਪਾਇਆ ਜਾ ਰਿਹਾ ਹੈ ਜਦ ਕਿ ਕੋਵਿਡ-19 ਦੇ ਚੱਲਦਿਆਂ 23 ਮਾਰਚ ਤੋਂ ਕਾਲਜ ਦੀ ਇਮਾਰਤ, ਪਾਣੀ, ਬਿਜਲੀ ਅਤੇ ਵੈਨਾਂ ਦੀ ਉਨ੍ਹਾਂ ਨੇ ਵਰਤੋਂ ਹੀ ਨਹੀਂ ਕੀਤੀ। ਮਾਪਿਆਂ ਨੇ ਇਹ ਵੀ ਦੋਸ਼ ਲਾਏ ਕਿ ਪੂਰੀਆਂ ਫੀਸਾਂ ਭਰੇ ਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਪੇਪਰ ਲਏ ਜਾਣ ਦਾ ਭਰੋਸਾ ਨਹੀਂ ਦਿਵਾਇਆ ਜਾ ਰਿਹਾ। ਇਨ੍ਹਾਂ ਮੰਗਾਂ ਨੂੰ ਲੈ ਕੇ ਮਾਪਿਆਂ ਅਤੇ ਵਿਦਿਆਰਥਣਾਂ ਵੱਲੋਂ ਮੰਗ ਪੱਤਰ ਵੀ ਕਾਲਜ ਪ੍ਰਿੰਸੀਪਲ ਦੀ ਗੈਰਹਾਜ਼ਰੀ ਵਿੱਚ ਕਾਲਜ ਸੁਪਰਡੈਂਟ ਰਾਜਿੰਦਰ ਸਿੰਘ ਅਤੇ ਉਪ ਪ੍ਰਿੰਸੀਪਲ ਸਤਿੰਦਰ ਕੌਰ ਨੂੰ ਸੌਂਪਿਆ ਗਿਆ। ਉਧਰ ਕਾਲਜ ਪ੍ਰਿੰਸੀਪਲ ਹਾਜ਼ਰ ਨਾ ਹੋਣ ਕਾਰਨ ਉਪ ਪ੍ਰਿੰਸੀਪਲ ਸਤਿੰਦਰ ਕੌਰ ਨੇ ਆਪਣਾ ਪੱਖ ਦੱਸਦਿਆਂ ਕਿਹਾ ਕਿ ਮਾਪਿਆਂ ਅਤੇ ਵਿਦਿਆਰਥਣਾਂ ਵੱਲੋਂ ਦਿੱਤਾ ਮੰਗ ਪੱਤਰ ਮੈਨੇਜਮੈਂਟ ਨੂੰ ਭੇਜਿਆ ਜਾ ਰਿਹਾ ਹੈ। ਜੋ ਵੀ ਮੈਨੇਜਮੈਂਟ ਦਾ ਫੈਸਲਾ ਆਵੇਗਾ, ਉਸ ਅਨੁਸਾਰ ਫੀਸਾਂ ਭਰਵਾਈਆਂ ਜਾਣਗੀਆਂ। ਧਰਨੇ ਵਿੱਚ ਜਸਵੰਤ ਸਿੰਘ ਕਮਾਲੂ, ਸਤਨਾਮ ਸਿੰਘ ਕਮਾਲੂ, ਦੇਵੀ ਦਿਆਲ ਸਿੰਘ ਗਹਿਲੇਵਾਲ, ਸੰਦੀਪ ਬਹਿਣੀਵਾਲ, ਗੁਲਾਬ ਸਿੰਘ ਗਹਿਲੇਵਾਲਾ ਤੋਂ ਇਲਾਵਾ ਮਾਪੇ ਅਤੇ ਵਿਦਿਆਰਥਣਾਂ ਮੌਜੂਦ ਸਨ।