ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਅਕਤੂਬਰ
ਇੱਥੇ ਸਿਵਲ ਹਸਪਤਾਲ ਵੱਲੋਂ ਜਣੇਪਾ ਦਰਦ ਨਾਲ ਤੜਫ਼ਦੀ ਗਰੀਬ ਔਰਤ ਦੇ 10 ਅਕਤੂਬਰ ਦੀ ਸੱਜਰੀ ਸਵੇਰੇ ਪਾਰਕਿੰਗ ’ਚ ਹੋਏ ਜਣੇਪੇ ਦੇ ਮਾਮਲੇ ਨੂੰ ਸਿਹਤ ਵਿਭਾਗ ਨੇ ਗੰਭੀਰਤਾ ਨਾਲ ਲੈਂਦਿਆਂ ਸਥਾਨਕ ਸਿਹਤ ਵਿਭਾਗ ਨੇ ਜ਼ਿਲ੍ਹਾ ਅਧਿਕਾਰੀਆਂ ਦੀ ਮੁੱਢਲੀ ਪੜਤਾਲ ਰਿਪੋਰਟ ਰੱਦ ਕਰ ਦਿੱਤੀ। ਸਿਹਤ ਵਿਭਾਗ ਨੇ ਮੁੜ ਜਾਂਚ ਦੇ ਆਦੇਸ਼ ਦਿੰਦਿਆਂ ਸਥਾਨਕ ਸਿਹਤ ਵਿਭਾਗ ਅਧਿਕਾਰੀਆਂ ਨੂੰ ਨਿੱਜੀ ਤੌਰ ਉੱਤੇ ਚੰਡੀਗੜ੍ਹ ਤਲਬ ਕੀਤਾ ਹੈ।
ਪਰਿਵਾਰ ਭਲਾਈ ਵਿਭਾਗ ਪੰਜਾਬ ਦੀ ਡਾਇਰੈਕਟਰ ਡਾ. ਪ੍ਰਭਦੀਪ ਕੌਰ ਜੌਹਲ ਨੇ ਸੰਪਰਕ ਕਰਨ ਉੱਤੇ ਮੁਢਲੀ ਜਾਂ ਰਿਪੋਰਟ ਰੱਦ ਕਰਨ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਉਨ੍ਹਾਂ ਵੀਡੀਓ ਮੁਤਾਬਕ ਇਹ ਘਟਨਾ ਸਿਹਤ ਵਿਭਾਗ ਅਧਿਕਾਰੀਆਂ ਤੇ ਸਟਾਫ਼ ਦੀ ਬਹੁਤ ਗੰਭੀਰ ਊਣਤਾਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਸੀਨੀਅਰ ਸਿਹਤ ਵਿਭਾਗ ਅਧਿਕਾਰੀਆਂ ਦੀ ਮੀਟਿੰਗ ’ਚ ਇਹ ਮਾਮਲਾ ਵਿਚਾਰ ਕੇ ਮੁੜ ਜਾਂਚ ਦਾ ਹੁਕਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਿਵਲ ਸਰਜਨ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਜ਼ੱਚਾ ਬੱਚਾ ਵਿਭਾਗ ਵਿੱਚ ਤਾਇਨਾਤ ਡਿਊਟੀ ਡਾਕਟਰ ਤੇ ਸਟਾਫ਼ ਨੂੰ ਨਿੱਜੀ ਤੌਰ ਉੱਤੇ ਸਪੱਸ਼ਟੀਕਰਨ ਦੇਣ ਲਈ ਭਲਕੇ ਚੰਡੀਗੜ੍ਹ ਪੇਸ਼ ਹੋਣ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਔਰਤ ਦਾ ਲਿਖਤੀ ਬਿਆਨ ਤੇ ਵੀਡੀਓ ਰਿਕਾਰਡਿੰਗ ਕਰਕੇ ਨਾਲ ਲਿਆਉਣ ਦੀ ਵੀ ਹਦਾਇਤ ਦਿੱਤੀ ਗਈ ਹੈ।