ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਅਕਤੂਬਰ
ਇਥੇ ਸਿਵਲ ਹਸਪਤਾਲ ਵਿੱਚ ਚਾਰ ਦਿਨ ਪਹਿਲਾਂ ਵਾਹਨ ਪਾਰਕਿੰਗ ’ਚ ਗਰੀਬ ਔਰਤ ਦੇ ਹੋਏ ਜਣੇਪਾ ਮਾਮਲੇ ’ਚ ਚੰਡੀਗੜ੍ਹ ਤੋਂ ਆਈ ਸਿਹਤ ਵਿਭਾਗ ਅਧਿਕਾਰੀਆਂ ਦੀ ਟੀਮ ਨੇ ਅੱਜ ਜਾਂਚ ਕੀਤੀ।
ਸਿਵਲ ਸਰਜਨ ਵੱਲੋਂ ਘਟਨਾਂ ਬਾਅਦ ਭੇਜੀ ਰਿਪੋਰਟ ਨੂੰ ਸਿਹਤ ਵਿਭਾਗ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਡਿਪਟੀ ਡਾਇਰੈਕਟਰ ਡਾ. ਸਤਪਾਲ ਸਿੰਘ ਦੀ ਅਗਵਾਈ ਵਿੱਚ 3 ਮੈਂਬਰੀ ਟੀਮ ਨੇ ਅੱਜ ਪਾਰਕਿੰਗ ਵਾਲੀ ਥਾਂ, ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵਿੱਚ ਜਣੇਪਾ ਦ੍ਰਿਸ਼ ਅਤੇ ਮੱਦਦ ਲਈ ਚੀਕ ਪੁਕਾਰ ਕਰ ਰਹੇ ਪੀੜਤ ਦੇ ਭਰਾ ਰਵਿੰਦਰ ਸਿੰਘ ਦੀ ਘਟਨਾ ਸਮੇਂ ਦੀ ਵੀਡੀਓ ਕਬਜ਼ੇ ਵਿੱਚ ਲਈ ਹੈ। ਉਨ੍ਹਾਂ ਕਿਹਾ ਕਿ ਉਹ ਪੰਜ ਦਿਨਾਂ ਵਿੱਚ ਪੂਰੀ ਰਿਪੋਰਟ ਤਿਆਰ ਕਰਕੇ ਡਾਇਰੈਕਟਰ ਪਰਿਵਾਰ ਭਲਾਈ ਵਿਭਾਗ ਪੰਜਾਬ ਨੂੰ ਸੌਂਪ ਦੇਣਗੇ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਜਾਂਚ ਟੀਮ ਨੇ ਜ਼ੱਚਾ ਬੱਚਾ ਵਾਰਡ ਅਤੇ ਐਮਰਜੈਂਸੀ ਦੀ ਦੂਰੀ ਵੀ ਨਾਪੀ। ਜਾਂਚ ਟੀਮ ਸਵੇਰੇ 10 ਵਜੇ ਪੁੱਜੀ ਸੀ ਤੇ ਸ਼ਾਮ ਤਕ ਜਾਂਚ ਕੀਤੀ। ਜਾਂਚ ਟੀਮ ਨੇ ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ, ਐਸਐਮਓ ਡਾ. ਰਾਜੇਸ਼ ਅਤਰੀ ਤੋਂ ਇਲਾਵਾ ਪੀੜਤ ਔਰਤ ਅੰਕਿਤਾ, ਉਸਦੇ ਭਰਾ ਰਵਿੰਦਰ ਸਿੰਘ, ਪਤੀ ਸਰਬਣ ਸਿੰਘ, ਠੇਕੇਦਾਰ ਮੋਹਿਤ ਤੋਂ ਤਕਰੀਬਨ ਤਿੰਨ ਘੰਟੇ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਟੀਮ ਨੇ ਘਟਨਾ ਵਾਲੇ ਦਿਨ ਜ਼ੱਚਾ ਬੱਚਾ ਵਾਰਡ ’ਚ ਤਾਇਨਾਤ ਡਾ. ਸਿਮਰਤ ਖੋਸਾ ਅਤੇ ਪੈਰਾ ਮੈਡੀਕਲ ਸਟਾਫ ਤੋਂ ਵੀ ਪੁੱਛ ਪੜਤਾਲ ਕੀਤੀ। ਇਸ ਮੌਕੇ ਐਨਜੀਓ ਸੰਸਥਾਵਾਂ ਨੇ ਜਾਂਚ ਕਮੇਟੀ ਨੂੰ ਮੰਗ ਪੱਤਰ ਦੇ ਕੇ ਸਥਾਨਕ ਸਿਵਲ ਹਸਪਤਾਲ ਦਾ ਪੂਰਾ ਪ੍ਰਬੰਧਕੀ ਸਟਾਫ਼ ਬਦਲਣ ਦੀ ਮੰਗ ਕੀਤੀ।