ਪੱਤਰ ਪ੍ਰੇਰਕ
ਮਾਨਸਾ, 28 ਅਪਰੈਲ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਜੁਗਾੜੂ ਰੇਹੜੀਆਂ ਵਾਲਿਆਂ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਮੋਟਰਸਾਈਕਲ ਰੇਹੜੀਆਂ ਨੂੰ ਮਾਨਤਾ ਦੇਣੀ ਚਾਹੀਦੀ ਹੈ, ਜਿਸ ਨਾਲ ਸੂਬੇ ਵਿੱਚ ਲੱਖਾਂ ਲੋਕਾਂ ਦਾ ਸਿੱਧੇ ਰੂਪ ਵਿੱਚ ਰੁਜ਼ਗਾਰ ਜੁੜਿਆ ਹੋਇਆ ਹੈ।
ਅੱਜ ਇਥੇ ਡਾ. ਭੀਮ ਰਾਓ ਅੰਬੇਡਕਰ ਮੋਟਰਸਾਈਕਲ ਰੇਹੜੀ ਯੂਨੀਅਨ ਵੱਲੋਂ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਭ੍ਰਿਸ਼ਟ ਰਾਜਨੀਤੀ ਦੇ ਖ਼ਾਤਮੇ ਅਤੇ ਬਦਲਾਅ ਦੇ ਨਾਅਰੇ ਹੇਠ ਸੱਤਾ ਵਿੱਚ ਆਈ ‘ਆਪ’ ਦੀ ਸਰਕਾਰ ਵੀ ਮੋਦੀ ਦੀ ਤਰ੍ਹਾਂ ਪੰਜਾਬ ਅੰਦਰ ਮਜ਼ਦੂਰ ਮਾਰੂ ਨੀਤੀਆਂ ਬਣਾਉਣ ਦੇ ਰਸਤੇ ਚੱਲ ਪਈ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਰੁਜ਼ਗਾਰ ਦਾ ਮੁੱਦਾ ਬਣਾ ਕੇ ਪਿਛਲੀ ਕਾਂਗਰਸ ਸਰਕਾਰ ਨੂੰ ਘੇਰਦੀ ਰਹੀ ਹੈ ਅਤੇ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ ਪਰ ਇਸ ਦੇ ਉਲਟ ਪੰਜਾਬ ਅੰਦਰ ਰੁਜ਼ਗਾਰ ਦੇਣ ਦੀ ਥਾਂ ’ਤੇ ਆਪਣਾ ਰੁਜ਼ਗਾਰ ਚਲਾਉਣ ਲਈ ਜੁਗਾੜੂ ਰੇਹੜੀ ਬਣਾ ਕੇ ਘਰ ਚਲਾ ਰਹੇ ਮਜ਼ਦੂਰਾਂ ਦੀਆਂ ਮੋਟਰਸਾਈਕਲ ਰੇਹੜੀਆਂ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ।
ਡਾ. ਭੀਮ ਰਾਓ ਅੰਬੇਡਕਰ ਮੋਟਰਸਾਈਕਲ ਰੇਹੜੀ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਜਰਨੈਲ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਦੀਆਂ ਇਹ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਕਦੇ ਵੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਨ੍ਹਾਂ ਖਿਲਾਫ਼ ਸੰਘਰਸ਼ ਉਲੀਕਿਆ ਜਾਵੇਗਾ।