ਪੱਤਰ ਪ੍ਰੇਰਕ
ਬੋਹਾ, 5 ਸਤੰਬਰ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਦੀ ਜ਼ਿਲ੍ਹਾ ਇਕਾਈ ਮਾਨਸਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ ਦੀ ਪ੍ਰਧਾਨਗੀ ਹੇਠ ਬੋਹਾ ਵਿਚ ਹੋਈ। ਇਸ ਮੀਟਿੰਗ ਵਿਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਸਹਾਇਕ ਕੈਸ਼ੀਅਰ ਵੈਦ ਤਾਰਾ ਚੰਦ ਭਾਵਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਪਿਛਲੇ ਦਿਨੀਂ ਮੋਗਾ ਵਿਖੇ ਹੋਏ ਜਥੇਬੰਦੀ ਦੇ ਨੌਵੇਂ ਸੂਬਾ ਇਜਲਾਸ ਦੀ ਸਫਲਤਾ ਲਈ ਸਮੂਹ ਪ੍ਰੈਕਟੀਸ਼ਨਰਾਂ ਦਾ ਧੰਨਵਾਦ ਕੀਤਾ ਗਿਆ ਤੇ ਅਗਲੇ ਸਮੇਂ ਲਈ ਜਥੇਬੰਦੀ ਦੀ ਮਜ਼ਬੂਤੀ ਖਾਤਰ ਕੀਤੇ ਜਾਣ ਵਾਲੇ ਕਾਰਜਾਂ ਉੱਪਰ ਵਿਚਾਰ ਚਰਚਾ ਕੀਤੀ ਗਈ। ਸੂਬਾ ਆਗੂਆਂ ਨੇ ਕਿਹਾ ਆਪਸੀ ਮਤਭੇਦਾਂ ਅਤੇ ਇਤਰਾਜ਼ਾਂ ਨੂੰ ਆਪਣੇ ਜਥੇਬੰਦਕ ਅਦਾਰੇ ਅੰਦਰ ਹੀ ਵਿਚਾਰਿਆ ਜਾਵੇ ਤੇ ਠੋਸ ਦਲੀਲਾਂ, ਸਬੂਤਾਂ ਅਤੇ ਤੱਥਾਂ ਨਾਲ ਗੱਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗੈਰ-ਜਥੇਬੰਦਕ ਅਤੇ ਗੈਰ-ਸੰਵਿਧਾਨਕ ਵਰਤਾਰਾ ਜਥੇਬੰਦਕ ਜ਼ਾਬਤੇ ਦੀ ਘੋਰ ਲੰਘਣਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੁਜ਼ਗਾਰ ਨੂੰ ਉਜਾੜਨ ਅਤੇ ਹੱਕਾਂ ਲਈ ਸੰਘਰਸ਼ ਲੜਨ ਦੇ ਅਧਿਕਾਰ ਨੂੰ ਕੁਚਲਣ ਲਈ ਸਰਕਾਰਾਂ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਦੀ ਚੁਣੌਤੀ ਨੂੰ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਟੱਕਰ ਦੇਣ ਲਈ ਜਥੇਬੰਦੀ ਅਤੇ ਆਪਸੀ ਏਕਤਾ ਨੂੰ ਮਜਬੂਤ ਕਰਨਾ ਅੱਜ ਸਮੇਂ ਦੀ ਵੱਡੀ ਲੋੜ ਹੈ।