ਪੱਤਰ ਪ੍ਰੇਰਕ
ਤਲਵੰਡੀ ਸਾਬੋ, 30 ਜੂਨ
ਸੰਤ ਬਾਬਾ ਅਤਰ ਸਿੰਘ ਵੱਲੋਂ 1923 ਵਿੱਚ ਸਥਾਪਿਤ ਕੀਤੀ ਧਾਰਮਿਕ ਸੰਸਥਾ ਸੰਤ ਸੇਵਕ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਧਾਰਮਿਕ ਮਹਾਂ ਵਿਦਿਆਲਿਆ ਤਲਵੰਡੀ ਸਾਬੋ ਦੇ ਸੌ ਸਾਲ ਪੂਰੇ ਹੋਣ ’ਤੇ ਅਕਤੂਬਰ ਵਿੱਚ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਲਈ ਇਕੱਤਰਤਾ ਅੱਜ ਸਥਾਨਕ ਗੁਰਦੁਆਰਾ ਮੰਜੀ ਸਾਹਿਬ (ਪਾਤਸ਼ਾਹੀ 9ਵੀਂ) ਵਿੱਚ ਹੋਈ। ਇਸ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸ਼ਾਮਲ ਹੋਏ। ਇਕੱਤਰਤਾ ਸਮੂਹ ਮਸਤੂਆਣਾ ਸੰਪਰਦਾਵਾਂ ਦੇ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਬਾਬਾ ਕਾਕਾ ਸਿੰਘ ਪ੍ਰਧਾਨ ਬੁੰਗਾ ਮਸਤੂਆਣਾ ਤਲਵੰਡੀ ਸਾਬੋ, ਭਾਈ ਸੰਤ ਸਿੰਘ ਸਕੱਤਰ, ਬਾਬਾ ਤੇਜਾ ਸਿੰਘ ਮੁੱਖ ਗ੍ਰੰਥੀ, ਭਾਈ ਚੰਦ ਸਿੰਘ ਅਤੇ ਬਾਬਾ ਨਰਾਇਣ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 100 ਸਾਲਾ ਧਾਰਮਿਕ ਸਮਾਗਮਾਂ ਦੌਰਾਨ ਵਿਸ਼ਾਲ ਕੀਰਤਨ ਅਤੇ ਢਾਡੀ ਦਰਬਾਰ ਕਰਵਾਉਣੇ ਚਾਹੀਦੇ ਹਨ ਤਾਂ ਕਿ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਾ ਸਕੇ। ਇਸ ਮੌਕੇ ਬਾਬਾ ਕਾਕਾ ਸਿੰਘ ਨੇ ਸੰਗਤਾਂ ਨੂੰ 100 ਸਾਲਾ ਸਥਾਪਨਾ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਸਬੰਧੀ ਜਾਣਕਾਰੀ ਦਿੱਤੀ।