ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 21 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਪਸ਼ੂ ਹਸਪਤਾਲ ਅੰਦਰ ਕੋਈ ਵੀ ਕਰਮਚਾਰੀ ਨਾ ਹੋਣ ਕਾਰਨ ਹਸਪਤਾਲ ਨੂੰ ਜਿੰਦਰਾ ਜੜ ਦਿੱਤਾ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਮੁੱਖ ਮੰਤਰੀ ਦੇ ਪੁਰਖਿਆਂ ਦੇ ਪਿੰਡ ਇਹ ਹਾਲ ਹੈ ਤਾਂ ਪੰਜਾਬ ਦੇ ਬਾਕੀ ਪਿੰਡਾਂ ਦਾ ਕੀ ਹਾਲ ਹੋਵੇਗਾ। ਹਸਪਤਾਲ ਅੰਦਰ ਕੋਈ ਕਰਮਚਾਰੀ ਨਾ ਹੋਣ ਕਾਰਨ ਪਸ਼ੂ ਪਾਲਕਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਇਸ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਡਾਕਟਰਾਂ ਤੋਂ ਮਹਿੰਗਾ ਇਲਾਜ ਕਰਵਾਉਣਾ ਪੈ ਰਿਹਾ ਹੈ।
ਪਿਛਲੇ ਮਹੀਨੇ ਵੈਟਰਨਰੀ ਇੰਸਪੈਕਟਰ ਸੇਵਾਮੁਕਤ ਹੋਣ ਤੋਂ ਬਾਅਦ ਪਸ਼ੂ ਹਸਪਤਾਲ ਅੰਦਰ ਕੋਈ ਵੀ ਕਰਮਚਾਰੀ ਨਹੀਂ ਰਿਹਾ। ਇਸ ਤੋਂ ਇਲਾਵਾ ਦੂਜੇ ਕਰਮਚਾਰੀ ਵੀ ਸੇਵਾਮੁਕਤ ਹੋ ਚੁੱਕੇ ਹਨ। ਇਸ ਤੋਂ ਖਫ਼ਾ ਸਥਾਨਕ ਲੋਕਾਂ ਨੇ ਕਿਹਾ ਕਿ ਨੌਕਰੀਆਂ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਤੇ ਪਸ਼ੂ ਪਾਲਣ ਵਿਭਾਗ ਨੇ ਕੋਈ ਉਪਰਾਲਾ ਨਹੀਂ ਕੀਤਾ ਜਿਸ ਕਾਰਨ ਪਸ਼ੂ ਪਾਲਣ ਦਾ ਧੰਦਾ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਹੈ। ਆਮ ਲੋਕਾਂ ਨੇ ਪਸ਼ੂ ਰੱਖਣੇ ਬੰਦ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਪਸ਼ੂ ਹਸਪਤਾਲ ਤੋਂ ਆਸ ਪਾਸ ਦੇ ਕਈ ਪਿੰਡਾਂ ਦੇ ਲੋਕ ਸੇਵਾਵਾਂ ਲੈ ਰਹੇ ਸਨ।
ਰਾਮਪੁਰਾ ਪਿੰਡ ਦੇ ਵੈਟਨਰੀ ਇੰਸਪੈਕਟਰ ਨੂੰ ਵਾਧੂ ਚਾਰਜ ਦਿੱਤਾ
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਵਨ ਸਿੰਗਲਾ ਨੇ ਕਿਹਾ ਕਿ ਵਿਭਾਗ ਪਹਿਲਾਂ ਹੀ 50 ਫ਼ੀਸਦੀ ਮੁਲਾਜ਼ਮਾਂ ਨਾਲ ਆਪਣਾ ਕੰਮ ਚਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਹਸਪਤਾਲ ਵਿੱਚ ਮੁਲਾਜ਼ਮਾਂ ਦੀ ਘਾਟ ਬਾਰੇ ਕਈ ਵਾਰ ਆਪਣੇ ਮਹਿਕਮੇ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾ ਚੁੱਕੇ ਹਨ ਪਰ ਅਜੇ ਤੱਕ ਵਿਭਾਗ ਨੇ ਕਿਸੇ ਖਾਲੀ ਅਸਾਮੀ ਨੂੰ ਨਹੀਂ ਭਰਿਆ। ਉਨ੍ਹਾਂ ਦੱਸਿਆ ਕਿ ਮਹਿਰਾਜ ਲਈ ਰਾਮਪੁਰਾ ਪਿੰਡ ਦੇ ਵੈਟਨਰੀ ਇੰਸਪੈਕਟਰ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।