ਰਵਿੰਦਰ ਰਵੀ/ਪਰਸ਼ੋਤਮ ਬੱਲੀ
ਬਰਨਾਲਾ/ਧਨੌਲਾ, 23 ਸਤੰਬਰ
ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਜਾਣਕਾਰੀ ਅਨੁਸਾਰ ਉਨ੍ਹਾਂ ਹਰੀਗੜ੍ਹ-ਭੱਠਲਾਂ-ਕੱਟੂ ਲਿੰਕ ਸੜਕ ਅਤੇ ਪਿੰਡ ਹਰੀਗੜ੍ਹ ਦੀ ਫਿਰਨੀ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ, ਜਿਸ ’ਤੇ 71.58 ਲੱਖ ਦੀ ਲਾਗਤ ਆਵੇਗੀ। ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਸੜਕਾਂ ਦਾ ਨਵੀਨੀਕਰਨ ਕਰੀਬ 35 ਕਰੋੜ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਪਿਛਲੇ 10 ਸਾਲਾਂ ਤੋਂ ਖਰਾਬ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਤੇ ਬਰਨਾਲੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਨਗਰ ਕੌਂਸਲ ਧਨੌਲਾ ਦਫ਼ਤਰ ਵਿਖੇ ਆਵਾਸ ਯੋਜਨਾ ਤਹਿਤ ਪੱਕੇ ਘਰ ਬਣਾਉਣ ਲਈ 46 ਵਿਅਕਤੀਆਂ ਨੂੰ ਮਨਜ਼ੂਰੀ ਪੱਤਰ ਦਿੱਤੇ। ਉਨ੍ਹਾਂ ਦੱਸਿਆ ਕਿ ਬਰਨਾਲਾ ਬਲਾਕ ਵਿਚ ਕਰੀਬ 80 ਪਰਿਵਾਰਾਂ ਨੂੰ ਪਹਿਲੀ ਕਾਸ਼ਤ ਜਾਰੀ ਕੀਤੀ ਜਾ ਚੁੱਕੀ ਹੈ। ਮੀਤ ਹੇਅਰ ਨੇ ਕਿਹਾ ਕਿ ਧਨੌਲਾ ਸ਼ਹਿਰ ਵਿੱਚ ਜਲ ਸਪਲਾਈ ਅਤੇ ਸੀਵਰੇਜ ਸਮੇਤ ਹੋਰ ਸਹੂਲਤਾਂ ਲਈ ਕਰੋੜਾਂ ਰੁਪਏ ਦੇ ਫੰਡ ਸਰਕਾਰ ਵਲੋਂ ਜਾਰੀ ਕੀਤੇ ਗਏ ਹਨ।
ਪਿੰਡ ਬਡਬਰ ਦਾ ਛੱਪੜ ਸੈਰਗਾਹ ਵਿੱਚ ਤਬਦੀਲ
ਪਿੰਡ ਬਡਬਰ ਥਾਪਰ ਮਾਡਲ ਬਣਾਉਣ ਦੀ ਸਕੀਮ ਤਹਿਤ ਮੋਹਰੀ ਸਫਾਂ ’ਤੇ ਹੈ। ਸਰਕਾਰ ਵਲੋਂ ਇਸ ਪਿੰਡ ਦਾ ਕਰੀਬ 5 ਦਹਾਕੇ ਪੁਰਾਣਾ ਛੱਪੜ ਸੈਰਗਾਹ ਵਿੱਚ ਤਬਦੀਲ ਕੀਤਾ ਗਿਆ ਹੈ। ਪਿੰਡ ਦੇ ਇਸ ਛੱਪੜ ਨੂੰ ਕਰੀਬ 66 ਲੱਖ ਦੀ ਲਾਗਤ ਨਾਲ ਸੈਰਗਾਹ ਵਿੱਚ ਤਬਦੀਲ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤਾ ਗਿਆ।