ਲਖਵੀਰ ਸਿੰਘ ਚੀਮਾ
ਟੱਲੇਵਾਲ, 9 ਸਤੰਬਰ
ਪੰਜਾਬ ਦੇ ਇਨਕਲਾਬੀ ਕਵੀ ਅਵਤਾਸ ਸਿੰਘ ਪਾਸ਼ ਦਾ ਦੁਨੀਆਂ ਪੱਧਰ ’ਚ ਵੱਖ-ਵੱਖ ਤਰੀਕਿਆਂ ਨਾਲ 70ਵਾਂ ਜਨਮ ਦਿਹਾੜਾ ਮਨਾਇਆ ਗਿਆ। ਉਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਈਬ੍ਰੇਰੀ ਦੀਵਾਨਾ ਵੱਲੋਂ ਨਿਵੇਕਲੇ ਢੰਗ ਨਾਲ ਜਨਮ ਦਿਨ ਮੌਕੇ ਕਵੀ ਪਾਸ਼ ਨੂੰ ਯਾਦ ਕੀਤਾ ਗਿਆ। ਦੀਵਾਨਾ ਲਾਇਬ੍ਰੇਰੀ ਵੱਲੋਂ ਇਨਕਲਾਬੀ ਕਵੀ ਦੇ 70ਵੇਂ ਜਨਮ ਦਿਨ ਮੌਕੇ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਉਪਰਾਲਾ ਕੀਤਾ ਗਿਆ ਹੈ, ਜਿਸ ਲਈ ਪਿੰਡ ਵਿੱਚ ਕੰਧ ਚਿੱਤਰ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਕਿਤਾਬਾਂ ਪ੍ਰਤੀ ਆਕਰਸ਼ਿਤ ਕੀਤਾ ਜਾ ਸਕੇ।
ਇਸ ਤਹਿਤ ਪਿੰਡ ਵਿੱਚ ਪਹਿਲੇ ਪੜਾਅ ’ਚ 10 ਕੰਧ ਚਿੱਤਰ ਬਣਾਏ ਗਏ ਹਨ। ਇਨ੍ਹਾਂ ਵਿੱਚ ਕਵੀ ਅਵਤਾਰ ਪਾਸ਼ ਦਾ ਵੀ ਦਿਲਖਿੱਚਵਾਂ ਕੰਧ ਚਿੱਤਰ ਬਣਾ ਕੇ ਉਹਨਾਂ ਦੀ ‘ਸਭ ਤੋਂ ਖ਼ਤਰਨਾਕ’ ਕਵਿਤਾ ਲਿਖੀ ਗਈ ਹੈ। ਇਸ ਤੋਂ ਇਲਾਵਾ ਇੱਕ ਬੱਚੇ ਦੇ ਹੱਥ ’ਚ ਕਿਤਾਬ, ਪਾਕਿਸਤਾਨੀ ਪੰਜਾਬੀ ਲੇਖਕ ਬਾਬਾ ਨਜ਼ਮੀ, ਟੈਰੀ ਫ਼ੌਕਸ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸੁਰਜੀਤ ਪਾਤਰ ਦੇ ਕੰਧ ਚਿੱਤਰ ਬਣਾ ਕੇ ਉਨ੍ਹਾਂ ਨਾਲ ਇਨਕਲਾਬੀ ਕਵਿਤਾਵਾਂ ਅਤੇ ਕਿਤਾਬਾਂ ਦੀ ਮਹੱਤਤਾ ਦੱਸਦੇ ਵਿਚਾਰ ਲਿਖੇ ਗਏ ਹਨ।
ਲਾਇਬ੍ਰੇਰੀ ਪ੍ਰਬੰਧਕ ਰਣਜੀਤ ਸਿੰਘ ਸਾਬਕਾ ਸਰਪੰਚ, ਪਰਦੀਪ ਦੀਵਾਨਾ ਅਤੇ ਵਰਿੰਦਰ ਦੀਵਾਨਾ ਦੱਸਦੇ ਹਨ ਕਿ 9 ਸਾਲ ਤੋਂ ਪਿੰਡ ’ਚ ਲਾਇਬ੍ਰੇਰੀ ਚਲਾਈ ਜਾ ਰਹੀ ਹੈ, ਜਿਸ ਦੀ ਹੁਣ ਤੱਕ 600 ਪਾਠਕਾਂ ਨੇ ਰਜਿਸ਼ਟ੍ਰੇਸ਼ਨ ਕਰਵਾਈ ਹੈ। ਜਦੋਂਕਿ 100 ਦੇ ਕਰੀਬ ਰੈਗੂਲਰ ਪਾਠਕ ਕਿਤਾਬਾਂ ਲੈਣ ਆ ਰਹੇ ਹਨ। ਇਹ ਪਾਠਕ ਆਸ-ਪਾਸ ਦੇ ਖੇਤਰ ਸਮੇਂ ਬਰਨਾਲਾ, ਮੋਗਾ ਅਤੇ ਲੁਧਿਆਣਾ ਦੇ ਪਿੰਡਾਂ ਨਾਲ ਸਬੰਧਤ ਹਨ। ਪ੍ਰਬੰਧਕ ਬਲਜੀਤ ਸਿੰਘ ਅਤੇ ਸੁਲਤਾਨ ਨੇ ਦੱਸਿਆ ਕਿ ਮੋਬਾਇਲ ਯੁੱਗ ਕਾਰਨ ਲੋਕ ਕਿਤਾਬਾਂ ਤੋਂ ਦੂਰ ਜਾ ਰਹੇ ਹਨ। ਪਿੰਡ ’ਚ ਬਣਾਏ ਕੰਧ ਚਿੱਤਰਾਂ ਨੂੰ ਵੀ ਚੰਗਾ ਹੁੰਗਾਰਾ ਮਿਲਿਆ ਹੈ, ਜਿਸ ਨਾਲ ਪਾਠਕ ਵਧਣ ਦੀ ਸੰਭਾਵਨਾ ਹੈ। ਕੰਧ ਚਿੱਤਰਾਂ ਲਈ ਪਿੰਡ ਵਾਸੀਆਂ, ਲਾਇਬ੍ਰੇਰੀ ਦੇ ਪਾਠਕਾਂ ਅਤੇ ਪਰਵਾਸੀ ਪੰਜਾਬੀਆਂ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਕੰਧ ਚਿੱਕਤ ਕੇਡੀ ਗਹਿਲ ਅਤੇ ਹਰਜੀਤ ਸਿੰਘ ਚਹਿਲ ਵੱਲੋਂ ਬਣਾਏ ਗਏ ਹਨ।