ਜੋਗਿੰਦਰ ਸਿੰਘ ਮਾਨ
ਮਾਨਸਾ, 12 ਮਈ
ਮਾਲਵਾ ਖੇਤਰ ਵਿੱਚ ਦਿਨ ਦਾ ਪਾਰਾ 45 ਡਿਗਰੀ ਨੂੰ ਛੂਹਣ ਕਾਰਨ ਗਰਮੀ ਦੇ ਕਹਿਰ ਨੇ ਲੋਕਾਂ ਦੇ ਕੰਮਾਂ-ਕਾਰਾਂ ਅਤੇ ਤੋਰੇ ਫੇਰੇ ਉਪਰ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਖੇਤਰ ਵਿੱਚ ਦਿਨ ਵੇਲੇ ਗਰਮੀ ਦਾ ਪ੍ਰਕੋਪ ਤਿੰਨ ਦਿਨ ਹੋਰ ਰਹਿਣ ਦੀ ਮੌਸਮ ਮਹਿਕਮੇ ਵੱਲੋਂ ਸੂਚਨਾ ਮਿਲੀ ਹੈ।ਮੌਸਮ ਵਿਭਾਗ ਦੀ ਚਿਤਾਵਨੀ ਹੈ ਕਿ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਦਿਨ ਦਾ ਪਾਰਾ 45 ਡਿਗਰੀ ਤੋਂ ਪਾਰ ਹੋ ਸਕਦਾ ਹੈ।
ਗਰਮੀ ਦੇ ਵਧੇ ਪ੍ਰਕੋਪ ਕਾਰਨ ਅੱਜ ਇਥੇ ਬਾਜ਼ਾਰ ਵਿੱਚ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪਹਿਲਾਂ ਦੇ ਮੁਕਾਬਲੇ ਲੋਕਾਂ ਦੀ ਆਵਾਜਾਈ ਲਗਪਗ ਅੱਧੀ ਰਹੀ। ਹਰ ਮਿਲਣ ਵਾਲੇ ਦਾ ਚਿਹਰਾ ਲੂ ਕਾਰਨ ਲਾਲ ਹੋਇਆ ਪਿਆ ਸੀ। ਸਿਖ਼ਰ ਦੁਪਹਿਰੇ ਬਾਜ਼ਾਰ ਵਿੱਚ ਜਾ ਕੇ ਦੇਖਿਆ ਕਿ ਕਿਸਾਨਾਂ ਤੇ ਦਿਹਾੜੀਦਾਰਾਂ ਤੋਂ ਇਲਾਵਾ ਇਸ ਗਰਮ ਮੌਸਮ ਨੇ ਦੁਕਾਨਦਾਰਾਂ ਅਤੇ ਹੋਰ ਨਿੱਜੀ ਸੇਵਾਵਾਂ ਉਪਰ ਵੀ ਮਾੜਾ ਅਸਰ ਪਾਇਆ ਹੈ। ਜੇ ਕਿਤੇ ਚਾਰ ਵਿਅਕਤੀ ਮਿਲਦੇ ਹਨ ਤਾਂ ਹਰ ਥਾਂ ਮੌਸਮ ਦੀ ਸਖ਼ਤੀ, ਗੱਲਬਾਤ ਦਾ ਪਹਿਲਾ ਵਿਸ਼ਾ ਹੁੰਦੀ ਹੈ ਅਤੇ ਲੋਕਾਂ ਦੀ ਚਰਚਾ ਵਿੱਚੋਂ ਮੌਨਸੂਨ ਦੂਰ ਹੋਣ ਕਰਕੇ ਅਜੇ ਹੋਰ ਪ੍ਰਕੋਪ ਦਾ ਡਰ ਵੀ ਸਾਹਮਣੇ ਆਉਂਦਾ ਹੈ। ਇਸ ਅਚਾਨਕ ਵਧੀ ਗਰਮੀ ਕਾਰਨ ਔਰਤਾਂ ਅਤੇ ਛੋਟੇ ਬੱਚਿਆਂ ਦਾ ਵਿਸ਼ੇਸ਼ ਤੌਰ ਉਤੇ ਬੁਰਾ ਹਾਲ ਹੋ ਰਿਹਾ ਹੈ। ਜ਼ਿਆਦਾਤਰ ਬੱਚੇ ਘਰਾਂ ਅੰਦਰ ਹੀ ਦੁਬਕੇ ਰਹਿਣ ਲਈ ਮਜ਼ਬੂਰ ਹਨ।
ਬਠਿੰਡਾ (ਪੱਤਰ ਪ੍ਰੇਰਕ) ਮਾਲਵਾ ਖਿੱਤੇ ਵਿੱਚ ਪੈ ਰਹੀ ਗਰਮੀ ਨੇ ਮਲਵੱਈਆਂ ਦੇ ਪਿੰਡੇ ਲੂਸ ਦਿੱਤੇ ਹਨ। ਬਠਿੰਡਾ ’ਚ ਗਰਮੀ ਪੈਣ ਕਾਰਨ ਠੰਢੀ ਲੱਸੀ ਤੇ ਗੰਨੇ ਦੇ ਜੂਸ ਦੀਆਂ ਰੇਹੜੀਆਂ ’ਤੇ ਲੋਕਾਂ ਦੀਆਂ ਕਤਾਰਾਂ ਲੱਗ ਰਹੀਆਂ ਹਨ ਜਿਸ ਕਾਰਨ ਠੰਢੀ ਲੱਸੀ ਦੀ ਵਿਕਰੀ ਵਧ ਗਈ ਹੈ। ਪੀਏਯੂ ਦੇ ਖੇਤਰੀ ਕੈਂਪਸ ਅਨੁਸਾਰ ਅੱਜ ਬਠਿੰਡਾ ਦਾ ਪਾਰਾ 44.4 ਡਿਗਰੀ ਸੈਲਸੀਅਸ ਰਿਹਾ। ਗਰਮ ਹਵਾਵਾਂ ਚੱਲਣ ਕਾਰਨ ਬਠਿੰਡਾ ਇਨ੍ਹੀਂ ਦਿਨੀਂ ਰਾਜਸਥਾਨ ਦੇ ਜ਼ਿਲ੍ਹੇ ਜੈਪੁਰ-ਜੋਧਪੁਰ ਦੀ ਬਰਾਬਰੀ ਕਰ ਰਿਹਾ ਹੈ। ਮਾਲਵੇ ਦੇ ਕੁਝ ਜ਼ਿਲ੍ਹਿਆਂ ਦੀ ਹੱਦ ਰਾਜਸਥਾਨ ਨਾਲ ਲੱਗਣ ਕਾਰਨ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਅੰਦਰ ਮਈ ਤੇ ਜੂਨ ਦੌਰਾਨ ਲੋਹੜੇ ਦੀ ਗਰਮੀ ਪੈਂਦੀ ਹੈ। ਅੱਜ ਗਰਮ ਹਵਾਵਾਂ ਕਾਰਨ ਸੜਕਾਂ ’ਤੇ ਆਵਾਜਾਈ ਘੱਟ ਰਹੀ ਤੇ ਲੋਕ ਮੂੰਹ ਢੱਕ ਕੇ ਵਾਹਨ ਚਲਾਉਂਦੇ ਦੇਖੇ ਗਏ ਤੇ ਸੜਕਾਂ ’ਤੇ ਆਵਾਜਾਈ ਘੱਟ ਰਹੀ ਬੀਤੇ ਇਕ ਹਫਤੇ ਤੋਂ 42 ਤੋਂ 44 ਡਿਗਰੀ ਤੋਂ ਉਪਰ ਚੱਲ ਰਹੇ ਪਾਰੇ ਕਾਰਨ ਲੋਕ ਹਾਏ ਤੌਬਾ ਕਰ ਰਹੇ ਹਨ।