ਪੱਤਰ ਪ੍ਰੇਰਕ
ਫਾਜ਼ਿਲਕਾ, 19 ਸਤੰਬਰ
ਮਿੱਡ-ਡੇਅ ਮੀਲ ਵਰਕਰ ਯੂਨੀਅਨ ਫਾਜ਼ਿਲਕਾ ਦੀ ਮੀਟਿੰਗ ਪ੍ਰਤਾਪ ਬਾਗ ਫਾਜ਼ਿਲਕਾ ਵਿਖੇ ਜ਼ਿਲ੍ਹਾ ਪ੍ਰਧਾਨ ਸੀਮਾ ਰਾਣੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸੂਬਾ ਪ੍ਰਧਾਨ ਬਿਮਲਾ ਰਾਣੀ ਨੇ ਵਿਸੇਸ ਤੌਰ ’ਤੇ ਸਿਰਕਤ ਕੀਤੀ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮਿੱਡ-ਡੇਅ ਮੀਲ ਵਰਕਰਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸੂਬਾ ਪ੍ਰਧਾਨ ਬਿਮਲਾ ਰਾਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਿੱਡ-ਡੇਅ ਮੀਲ ਵਰਕਰਾਂ ਦਾ ਮਿਹਨਤਾਨਾ ਦੁੱਗਣਾ ਕਰਕੇ ਉਨ੍ਹਾਂ ਨੂੰ ਘੱਟੋ ਘੱਟ ਉਜਰਤ ਦੇ ਦਾਇਰੇ ’ਚ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਛੇ ਮਹੀਨਿਆਂ ਬਾਅਦ ਵੀ ਆਪ ਸਰਕਾਰ ਨੇ ਇਸ ਮੰਗ ’ਤੇ ਚੁੱਪੀ ਧਾਰੀ ਹੋਈ ਹੈ ਜਿਸ ਕਾਰਨ ਵਰਕਰਾਂ ’ਚ ਕਾਫ਼ੀ ਰੋਸ ਹੈ।
ਮੀਟਿੰਗ ਦੌਰਾਨ ਸੂਬਾ ਪ੍ਰਧਾਨ ਬਿਮਲਾ ਰਾਣੀ ਨੇ ਐਲਾਨ ਕੀਤਾ ਕਿ ਮਿੱਡ-ਡੇਅ ਮੀਲ ਵਰਕਰਾਂ ਦੀ ਮੰਗਾਂ ’ਤੇ ਸਰਕਾਰ ਵੱਲੋਂ ਕੋਈ ਧਿਆਨ ਨਾ ਦੇਣ ਦੇ ਵਿਰੋਧ ’ਚ 20 ਅਤੇ 21 ਸਤੰਬਰ 2022 ਨੂੰ ਮਿਡ ਡੇ ਮੀਲ ਵਰਕਰਾਂ ਵੱਲੋਂ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਰੋਸ ਧਰਨੇ ਦਿੱਤੇ ਜਾਣਗੇ। ਮੀਟਿੰਗ ’ਚ ਸਵੇਤਾ ਰਾਣੀ ਬਲਾਕ ਪ੍ਰਧਾਨ, ਵੀਰਪਾਲ ਕੌਰ, ਸੰਤੋਸ, ਪੁਸ਼ਪਾ ਰਾਣੀ, ਸੋਮਾ ਰਾਣੀ, ਚਰਨਜੀਤ ਕੌਰ, ਜੰਗੀਰ ਕੌਰ, ਅੰਜੂ ਬਾਲਾ, ਸੀਲੋ ਬਾਈ, ਜਸਪ੍ਰੀਤ ਕੌਰ, ਸੁਖਵੀਰ ਕੌਰ, ਆਸਾ ਰਾਣੀ, ਸਿਮਰਨ, ਸਵਰਨਾ, ਅਮਰਜੀਤ ਕੌਰ ਹਾਜ਼ਰ ਸਨ।