ਖੇਤਰੀ ਪ੍ਰਤੀਨਿਧ
ਬਰਨਾਲਾ, 31 ਅਗਸਤ
ਇੱਥੇ ਸਿਵਲ ਹਸਪਤਾਲ ਪਾਰਕ ਵਿੱਚ ਸੀਟੂ ਨਾਲ ਸਬੰਧਿਤ ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਦਰ ਕੌਰ ਦੀਵਾਨਾ ਦੀ ਅਗਵਾਈ ਹੇਠ ਮੀਟਿੰਗ ਹੋਈ। ਯੂਨੀਅਨ ਦੀ ਸੂਬਾ ਕੱਤਰ ਹਰਪਾਲ ਕੌਰ ਬਰਨਾਲਾ ਤੇ ਸੀਟੂ ਦੇ ਸੂਬਾਈ ਸਕੱਤਰ ਸ਼ੇਰ ਸਿੰਘ ਫ਼ਰਵਾਹੀ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ।
ਸੂਬਾ ਸਕੱਤਰ ਹਰਪਾਲ ਕੌਰ ਨੇ ਕਿਹਾ ਕਿ ਕਈ ਸਕੂਲ ਅਧਿਕਾਰੀਆਂ ਵੱਲੋਂ ਮਿੱਡ-ਡੇਅ ਮੀਲ ਵਰਕਰਾਂ ਕੋਲੋਂ ਸਕੂਲਾਂ ਦੇ ਗਰਾਊਂਡ ਸਫ਼ਾਈ ਤੇ ਜੂਨ ਮਹੀਨੇ ਦੀਆਂ ਛੁੱਟੀਆਂ ਸਮੇਂ ਸਕੂਲਾਂ ’ਚ ਝਾੜੂ ਲਗਵਾਉਣ ਆਦਿ ਜਬਰੀ ਵਾਧੂ ਕੰਮ ਲਏ ਜਾਂਦੇ ਹਨ, ਜੋ ਗੈਰਕਾਨੂੰਨੀ ਹਨ। ਵਰਕਰਾਂ ਨਾਲ ਅਜਿਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਨੂੰ ਮਾਣਭੱਤਾ 3000 ਦੀ ਥਾਂ ਗੁਆਂਢੀ ਸੂਬੇ ਹਰਿਆਣਾ ਦੇ ਬਰਾਬਰ 7000 ਮਾਸਿਕ ਦਿੱਤਾ ਜਾਵੇ। ਸਾਲਾਨਾ ਦੋ ਵਰਦੀਆਂ, ਬੀਮਾ ਤੇ ਹੋਰ ਦਰਜ਼ਾ ਚਾਰ ਸਹੂਲਤਾਂ ਦਿੱਤੀਆਂ ਜਾਣ ਤੇ ਸੇਵਾ ਮੁਕਤੀ ਉਮਰ 70 ਸਾਲ ਕੀਤੀ ਜਾਵੇ ਆਦਿ। ਸੀਟੂ ਸੂਬਾਈ ਆਗੂ ਸ਼ੇਰ ਸਿੰਘ ਫਰਵਾਹੀ ਨੇ ਸਰਕਾਰਾਂ ਤੋਂ ਝਾਕ ਛੱਡ ਕੇ ਹੱਕ ਪ੍ਰਾਪਤੀ ਲਈ ਕੱਚੇ, ਠੇਕਾ, ਪੇਂਡੂ ਚੌਕੀਦਾਰਾਂ ਤੇ ਪਾਰਟ ਟਾਈਮ ਕਾਮਿਆਂ ਨੂੰ ਏਕੇ ਨਾਲ ਸ਼ੰਘਰਸ਼ਾਂ ’ਤੇ ਟੇਕ ਦਾ ਸੱਦਾ ਦਿੱਤਾ। ਇਨ੍ਹਾਂ ਕਾਮਿਆਂ ਨੂੰ ਪੱਕੇ ਕਰਨ, ਘੱਟੋ-ਘੱਟ ਉਜ਼ਰਤ 26000 ਤੇ ਮਗਨਰੇਗਾ ਤਹਿਤ ਸਾਲ ’ਚ 200 ਦਿਨ ਪ੍ਰਤੀ 700 ਦਿਹਾੜੀ ਦਿੱਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਲਈ ਸ਼ੰਘਰਸ਼ ਨੂੰ ਦਿੱਲੀ ’ਚ ਸੰਸਦ ਦੀਆਂ ਬਰੂਹਾਂ ਤੱਕ ਲਿਜਾਇਆ ਜਾਵੇਗਾ। ਮੀਟਿੰਗ ਦੌਰਾਨ 10 ਸਤੰਬਰ ਨੂੰ ਹਲਕਾ ਮਹਿਲ ਕਲਾਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ। ਮੰਚ ਸੰਚਾਲਨ ਮਾਇਆ ਧਨੌਲਾ ਨੇ ਕੀਤਾ।
ਇਸ ਮੌਕੇ ਸ਼ਿੰਦਰ ਕੌਰ ਵਜੀਦਕੇ, ਕਰਮਜੀਤ ਕੌਰ ਬੀਹਲਾ, ਸ਼ਰਨਜੀਤ ਕੌਰ ਚੁਹਾਣਕੇ , ਮਨਜੀਤ ਕੌਰ, ਨਛੱਤਰ ਕੌਰ ਚੰਨਣਵਾਲ, ਬਲਜੀਤ ਕੌਰ ਛੀਨੀਵਾਲ, ਸਰਬਜੀਤ ਕੌਰ ਭੱਦਲਵੱਢ, ਪਰਮਜੀਤ ਕੌਰ ਭੋਤਨਾ, ਚਰਨਜੀਤ ਕੌਰ ਭਦੌੜ, ਸ਼ਿੰਦਰ ਕੌਰ ਝਲੂਰ, ਜਸਵੰਤ ਕੌਰ ਗਹਿਲ, ਪਰਮਜੀਤ ਕੌਰ ਖੁੱਡੀ ਕਲਾਂ, ਜਸਪਾਲ ਕੌਰ ਬਰਨਾਲਾ ਤੇ ਸੁਖਵਿੰਦਰ ਕੌਰ ਭੱਠਲ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।