ਜੋਗਿੰਦਰ ਸਿੰਘ ਮਾਨ
ਮਾਨਸਾ, 19 ਦਸੰਬਰ
ਇੱਥੇ ਲਾਲ ਝੰਡਾ ਮਿੱਡ-ਡੇਅ ਮੀਲ ਅਤੇ ਸਫ਼ਾਈ ਸੇਵਕ ਵਰਕਰਜ਼ ਯੂਨੀਅਨ ਵੱਲੋਂ ਮਾਲ ਗੁਦਾਮ ਤੋਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਤੱਕ ਮਾਰਚ ਕੱਢ ਕੇ ਸੂਬਾ ਸਰਕਾਰ ਖ਼ਿਲਾਫ਼ ਘੜਾ ਭੰਨ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਸੁਖਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਵੋਟਾਂ ਵਟੋਰੀਆਂ ਸਨ, ਪਰ ਸੂਬੇ ਵਿੱਚ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਬਿਲਕੁਲ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੀ ਕੈਪਟਨ ਸਰਕਾਰ ਅਤੇ ਹੁਣ ਚੰਨੀ ਸਰਕਾਰ ਨੇ ਐਲਾਨ ਕਰ ਕੇ ਲੋਕਾਂ ਨੂੰ ਮੂਰਖ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮਿਡ-ਡੇਅ ਮੀਲ ਵਰਕਰਾਂ ਨੂੰ ਪੱਕੇ ਕਰਨ, ਘੱਟੋ-ਘੱਟ 18 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਦੇਣ, 10 ਮਹੀਨਿਆਂ ਦੀ ਥਾਂ 12 ਮਹੀਨਿਆਂ ਦਾ ਮਾਣਭੱਤਾ, ਵਰਕਰਾਂ ਦਾ ਰਹਿੰਦਾ ਪਿਛਲਾ ਬਕਾਇਆ, ਵਰਕਰਾਂ ਦਾ ਦੁਰਘਟਨਾ ਬੀਮਾ, ਈਪੀਐੱਫ਼ ਦਾ ਲਾਭ ਦੇਣ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਹਾਈ ਕੋਰਟ ਦੇ ਫ਼ੈਸਲੇ ਦਾ ਪੰਜਾਬ ਵਿੱਚ ਲਾਗੂ ਕਰਨ ਸਮੇਤ ਬਾਕੀ ਰਹਿੰਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ’ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ, ਜਰਨੈਲ ਸਿੰਘ ਮਾਨਸਾ, ਜਸਵਿੰਦਰ ਕੌਰ ਗਾਮੀਵਾਲਾ, ਨਸੀਬ ਕੌਰ ਪੈਰੋ, ਅਮਰਜੀਤ ਕੌਰ ਬੁਢਲਾਡਾ ਅਤੇ ਲਖਵਿੰਦਰ ਕੌਰ ਗੰਢੂ ਖੁਰਦ ਨੇ ਵੀ ਸੰਬੋਧਨ ਕੀਤਾ।