ਜਸਵੰਤ ਸਿੰਘ ਥਿੰਦ
ਮਮਦੋਟ, 27 ਅਕਤੂਬਰ
ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਸੂਬੇ ਵਿੱਚ ਰੇਤ ਮਾਫੀਆ ਖ਼ਿਲਾਫ਼ ਤੁਰੰਤ ਕਾਰਵਾਈ ਕਰਕੇ ਰੇਤ ਮਾਫੀਆ ਨੂੰ ਖਤਮ ਕਰਨ ਦੇ ਹੁਕਮਾਂ ਦੇ ਬਾਵਜੂਦ ਸਰਹੱਦੀ ਖੇਤਰ ਮਮਦੋਟ ’ਚ ਰੇਤ ਮਾਫੀਆ ਸਰਕਾਰੀ ਨਿਯਮਾਂ ਤੋਂ ਬੇਪ੍ਰਵਾਹ ਖੱਡ ਵਿੱਚੋਂ ਰੇਤ ਦੀ ਖੁਦਾਈ ਵੱਧ ਡੂੰਘਾਈ ਤੱਕ ਜਾ ਕੇ ਤੇ ਓਵਰਲੋਡ ਵਾਹਨਾਂ ਰਾਹੀਂ ਕੀਤੀ ਜਾ ਰਹੀ ਹੈ। ਇੱਕ ਮਹੀਨਾ ਪਹਿਲਾਂ ਵੀ ਪੰਜਾਬੀ ਟ੍ਰਿਬਿਊਨ ਵੱਲੋਂ ਮਮਦੋਟ ’ਚ ਰੇਤ ਮਾਫ਼ੀਆ ਖ਼ਿਲਾਫ਼ ਮੁਹਿੰਮ ਚਲਾ ਕੇ ਖ਼ਬਰਾਂ ਪ੍ਰਕਾਸ਼ਿਤ ਕਰਕੇ ਬੇਨਿਯਮੀਆਂ ਦਾ ਪਰਦਾਫਾਦ ਕੀਤਾ ਗਿਆ ਸੀ ਜਿਸ ’ਤੇ ਕਾਰਵਾਈ ਕਰਦਿਆਂ ਮਾਈਨਿੰਗ ਵਿਭਾਗ ਵੱਲੋਂ ਇਸ ਖੱਡ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ। ਹੁਣ ਇੱਕ ਮਹੀਨੇ ਬਾਅਦ ਰੇਤ ਕੰਪਨੀ ਵੱਲੋਂ ਮੁੜ ਰੇਤ ਦੇ ਟੋਏ ਪੁੱਟਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਵਾਰ ਵੀ ਰੇਤ ਕੰਪਨੀ ਦੇ ਸੰਚਾਲਕ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਰੇਤ ਦੀ ਬੇਲੋੜੀ ਨਿਕਾਸੀ ਕਰਕੇ ਸਰਕਾਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਰਹੇ ਹਨ। ਪੱਤਰਕਾਰਾਂ ਦੀ ਟੀਮ ਨੇ ਜਦੋਂ ਮਮਦੋਟ ਨੇੜੇ ਬਸਤੀ ਗੁਲਾਬ ਸਿੰਘ ਵਾਲੀ ’ਚ ਚੱਲ ਰਹੀ ਖੱਡ ਦਾ ਦੌਰਾ ਕੀਤਾ ਤਾਂ ਪਤਾ ਲੱਗਾ ਕਿ ਕੰਪਨੀ ਦੇ ਕਰਮਚਾਰੀ ਸਰਕਾਰ ਦੇ ਹੁਕਮਾਂ ਦੀ ਅਣਦੇਖੀ ਕਰਕੇ ਨਿਰਧਾਰਤ ਸੀਮਾ ਤੋਂ ਵੱਧ ਡੂੰਘਾਈ ’ਚ ਜਾ ਕੇ ਪੋਕ ਲਾਈਨ ਨਾਲ ਰੇਤਾ ਦੀ ਨਿਕਾਸੀ ਕਰ ਰਹੇ ਹਨ ਤੇ ਗੈਰ-ਵਪਾਰਕ ਵਾਹਨ ਟਰੈਕਟਰ ਟਰਾਲੀ ’ਤੇ ਓਵਰਲੋਡ ਰੇਤ ਦੀ ਢੋਆ-ਢੁਆਈ ਕੀਤੀ ਜਾ ਰਹੀ ਹੈ। ਮੀਡੀਆ ਦੀ ਟੀਮ ਨੂੰ ਦੇਖ ਕੇ ਰੇਤ ਕੱਢ ਰਹੇ ਵਿਅਕਤੀ ਭੱਜ ਗਏ। ਜਦੋਂ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲੀਸ ਮੁਖੀ ਹਰਮਨਦੀਪ ਹੰਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਮਮਦੋਟ ਥਾਣੇ ਦੀ ਪੁਲੀਸ ਮੌਕੇ ’ਤੇ ਭੇਜਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਥਾਣਾ ਮਮਦੋਟ ਦੇ ਅਧਿਕਾਰੀਆਂ ਨੇ ਪੱਲਾ ਝਾੜਦਿਆਂ ਕਿਹਾ ਕਿ ਰੇਤ ਦੀ ਨਿਕਾਸੀ ਕਿਸ ਹੱਦ ਤੱਕ ਹੋ ਸਕਦੀ ਹੈ, ਇਹ ਮਾਈਨਿੰਗ ਵਿਭਾਗ ਦਾ ਕੰਮ ਹੈ। ਓਵਰਲੋਡ ਵਾਹਨਾਂ ਖ਼ਿਲਾਫ਼ ਕਾਰਵਾਈ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਹ ਆਰ.ਟੀ.ਏ. ਦਾ ਕੰਮ ਹੈ।
ਇਸ ਸਬੰਧੀ ਡੀਸੀ ਫਿਰੋਜ਼ਪੁਰ ਵਿਨੀਤ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਨੋਟਿਸ ਵਿੱਚ ਅਜਿਹਾ ਕੋਈ ਮਾਮਲਾ ਨਹੀਂ ਹੈ। ਜੇ ਕੋਈ ਵੀ ਕੰਪਨੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀ ਤੇ ਓਵਰਲੋਡ ਵਾਹਨਾਂ ਵਿੱਚ ਭਰ ਕੇ ਰੇਤ ਦੀ ਨਿਕਾਸੀ ਕੀਤੀ ਜਾ ਰਹੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।