ਖੇਤਰੀ ਪ੍ਰਤੀਨਿਧ
ਬਰਨਾਲਾ, 11 ਸਤੰਬਰ
ਪਿੰਡ ਛੀਨੀਵਾਲ ਕਲਾਂ ਵਿਚ ਖਣਨ ਵਿਭਾਗ ਵੱਲੋਂ ਕਿਸਾਨਾਂ ਨੂੰ ਕੀਤੇ ਜੁਰਮਾਨੇ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਬਰਨਾਲਾ ਹਰੀਸ਼ ਨਈਅਰ ਨੂੰ ਮੰਗ ਪੱਤਰ ਦਿੱਤਾ ਗਿਆ। ਕਿਸਾਨ ਆਗੂ ਜਗਸੀਰ ਸਿੰਘ ਸੀਰਾ ਛੀਨੀਵਾਲ ਕਲਾਂ, ਬਲਵੰਤ ਸਿੰਘ, ਜਗਰਾਜ ਸਿੰਘ ਤੇ ਹਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਛੀਨੀਵਾਲ ਵਿਚ ਬੰਜਰ ਖੇਤ ਨੂੰ ਉਪਜਾਊ ਬਣਾਉਣ ਦੇ ਮੰਤਵ ਨਾਲ ਪਿਛਲੇ ਸਮੇਂ ਦੌਰਾਨ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ 3 ਫੁੱਟ ਡੂੰਘਾਈ ਤੱਕ ਰੇਤਾ ਚੁੱਕ ਕੇ ਪਿੰਡ ਦੇ ਵਿਕਾਸ ਕਾਰਜਾਂ ਦੌਰਾਨ ਭਰਤ ਵਗੈਰਾ ਲਈ ਵਰਤਿਆ ਗਿਆ ਸੀ। ਮਾਈਨਿੰਗ ਵਿਭਾਗ ਨੇ ਬਿਨਾਂ ਪੜਤਾਲ ਕੀਤੇ ਕਿਸਾਨ ਸਾਧੂ ਸਿੰਘ, ਸੁਖਵਿੰਦਰ ਸਿੰਘ, ਹਰਦੇਵ ਸਿੰਘ ਤੇ ਬਲਵਿੰਦਰ ਸਿੰਘ ਨੂੰ ਜੁਰਮਾਨਾ ਕਰ ਦਿੱਤਾ। ਵਫ਼ਦ ਆਗੂਆਂ ਮੰਗ ਕੀਤੀ ਕਿ ਇਸ ਜ਼ਮੀਨ ਦੀ ਦੁਬਾਰਾ ਪੜਤਾਲ ਕੀਤੀ ਜਾਵੇ ਤੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਜੁਰਮਾਨਾ ਫੌਰੀ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ-ਬਰਨਾਲਾ ਮੁੱਖ ਮਾਰਗ ’ਤੇ ਮਹਿਲ ਕਲਾਂ ਵਿੱਚ ਅਣਮਿੱਥੇ ਸਮੇਂ ਲਈ ਜਾਮ ਲਗਾਇਆ ਜਾਵੇਗਾ।