ਜਸਵੰਤ ਸਿੰਘ ਥਿੰਦ
ਮਮਦੋਟ, 22 ਫਰਵਰੀ
ਪੰਜਾਬ ਸਰਕਾਰ ਵੱਲੋਂ ਰੇਤ ਦੀ ਕਾਲਾਬਾਜ਼ਾਰੀ ਰੋਕਣ ਲਈ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਮਾਈਨਿੰਗ ਵਿਭਾਗ ਵੱਲੋਂ ਮਨਜ਼ੂਰਸ਼ੁਦਾ ਖੱਡਾਂ ਤੇ ਰੇਤੇ ਦੀ ਨਿਕਾਸੀ ਲਈ ਨਿਰਧਾਰਤ ਨਿਯਮਾਂ ਨੂੰ ਛਿੱਕੇ ਟੰਗ ਕੇ ਰੇਤੇ ਦੀ ਮਾਈਨਿੰਗ ਕੀਤੀ ਜਾ ਰਹੀ ਹੈ ਪਰ ਸਬੰਧਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੈ।
ਜਾਣਕਾਰੀ ਮੁਤਾਬਕ ਬਲਾਕ ਮਮਦੋਟ ਦੇ ਪਿੰਡ ਚੱਕ ਖੁੰਦਰ ਤੇ ਜਾਮਾ ਰਖੀਆ ਹਿਠਾੜ ਨਜ਼ਦੀਕ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਰੇਤੇ ਦੀ ਚਲਾਈ ਜਾ ਰਹੀ ਖੱਡ ’ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਰੇਤੇ ਦੀ ਮਾਈਨਿੰਗ ਕੀਤੀ ਜਾ ਰਹੀ ਹੈ ਅਤੇ ਓਵਰਲੋਡ ਟਰਾਲੇ ਭਰੇ ਜਾ ਰਹੇ ਹਨ ਜਿਨ੍ਹਾਂ ਨੂੰ ਕੰਡੇ ਤੋਂ ਬਿਨਾਂ ਤਲਾਈ ਦੇ ਅੱਗੇ ਭੇਜ ਦਿੱਤਾ ਜਾਂਦਾ ਹੈ ਅਤੇ ਕੰਡਾ ਸਿਰਫ਼ ਇੱਕ ਨਿਸ਼ਾਨੀ ਵਜੋਂ ਹੀ ਵਰਤਿਆ ਜਾ ਰਿਹਾ ਹੈ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਤੇ ਦੀ ਖੁਦਾਈ 10 ਫੁੱਟ ਤੱਕ ਕੀਤੀ ਜਾ ਸਕਦੀ ਹੈ ਪਰ ਉਕਤ ਕੰਪਨੀ ਵੱਲੋਂ ਪੋਕ ਲਾਈਨ ਮਸ਼ੀਨ ਨਾਲ ਤੀਹ ਫੁੱਟ ਦੀ ਡੂੰਘਾਈ ਤਕ ਰੇਤਾ ਕੱਢਿਆ ਜਾ ਰਿਹਾ ਹੈ। ਐਨੀ ਡੂੰਘਾਈ ਨਾਲ ਕੀਤੀ ਜਾ ਰਹੀ ਮਾਈਨਿੰਗ ਕਾਰਨ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਿਰਧਾਰਤ ਨਿਯਮਾਂ ਤੋਂ ਹਟ ਕੇ ਕੀਤੀ ਜਾ ਰਹੀ ਮਾਈਨਿੰਗ ਨੂੰ ਬੰਦ ਕਰਵਾਇਆ ਜਾਵੇ।
ਰੇਤ ਮਾਫ਼ੀਆ ਸਬੰਧੀ ਮੁੱਖ ਮੰਤਰੀ ਤੋਂ ਵਿਧਾਨ ਸਭਾ ਵਿੱਚ ਪੁੱਛਿਆ ਜਾਵੇਗਾ ਸੁਆਲ: ਚੀਮਾ
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਰੇਤੇ ਦੀ ਮਾਈਨਿੰਗ 9 ਫੁੱਟ ਤੱਕ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫ਼ੀਆ ਸਬੰਧੀ ਮਾਰਚ ਵਿੱਚ ਹੋਣ ਵਾਲੇ ਸੈਸ਼ਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰ ਕੇ ਪੁੱਛਿਆ ਜਾਵੇਗਾ।
ਮਾਮਲੇ ਦੀ ਜਾਂਚ ਕਰਾਂਗੇ: ਐੱਸਡੀਓ
ਐੱਸਡੀਓ ਮਾਈਨਿੰਗ ਬਲਵੀਰ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਤੇ ਜੇਕਰ ਨਿਰਧਾਰਤ ਪੈਮਾਨੇ ਤੋਂ ਵੱਧ ਪੱਧਰ ’ਤੇ ਖੁਦਾਈ ਕੀਤੀ ਮਿਲੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।