ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ
ਮਨਿਸਟੀਰੀਅਲ ਕਾਮਿਆਂ ਦੀ ਕਲਮਛੋੜ ਹੜਤਾਲ ਦੇ 12ਵੇਂ ਦਿਨ ਕਰਮਚਾਰੀਆਂ ਨੇ ਦਫਤਰ ਵਿੱਚ ਰੈਲੀ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ। ਇਸ ਮੌਕੇ ਮੁਲਾਜ਼ਮ ਆਗੂ ਖੁਸ਼ਕਰਨਜੀਤ ਸਿੰਘ, ਹਰਜਿੰਦਰ ਸਿੰਘ ਸਿੱਧੂ, ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਦੂਜੇ ਸੂਬਿਆਂ ਦੀਆਂ ਸਰਕਾਰਾਂ ਮੁਲਾਜ਼ਮਾਂ ਨੂੰ ਦੀਵਾਲੀ ਦੇ ਤੋਹਫਿਆਂ ਨਾਲ ਨਿਵਾਜ ਰਹੀਆਂ ਹਨ ਪਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਵੀ ਪੂਰੀਆਂ ਨਹੀਂ ਕਰ ਰਹੀ | ਉਨ੍ਹਾਂ ਕਿਹਾ ਕਿ ਉਹ ਸਰਕਾਰ ਖਿਲਾਫ ਆਪਣਾ ਰੋਸ ਮੁੱਖ ਮੰਤਰੀ ਦੀ ਅਰਥੀ ਫੂਕਕੇ ਜਾਹਿਰ ਕਰਨਗੇ ਅਤੇ ਹੜਤਾਲ 26 ਅਕਤੂਬਰ ਤੱਕ ਜਾਰੀ ਰੱਖਣਗੇ| ਜੇ ਫਿਰ ਵੀ ਸਰਕਾਰ ਨੇ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਉਹ ਸੰਘਰਸ਼ ਹੋਰ ਪ੍ਰਚੰਡ ਕਰਨਗੇ | ਇਸ ਮੌਕੇ ਸੀਪੀਐੱਫ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ, ਕਰਮਜੀਤ ਸ਼ਰਮਾ, ਸਿਹਤ ਵਿਭਾਗ ਦੇ ਮਨਦੀਪ ਭੰਡਾਰੀ, ਰੋਡਵੇਜ਼ ਦੇ ਗੁਰਮੀਤ ਸਿੰਘ ਨੇ ਵੀ ਸੰਬੋਧਨ ਕੀਤਾ|
ਕਾਲੇ ਚੋਲੇ ਪਾ ਕੇ ਤੇ ਘੜਾ ਭੰਨ ਕੇ ਕੀਤਾ ਪ੍ਰਦਰਸ਼ਨ
ਮਾਨਸਾ (ਪੱਤਰ ਪ੍ਰੇਰਕ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਮਾਨਸਾ ਵੱਲੋਂ 10 ਅਕਤੂਬਰ ਤੋਂ ਲਗਾਤਾਰ 12ਵੇਂ ਦਿਨ ਵੀ ਜ਼ਿਲ੍ਹੇ ਦੇ ਸਾਰੇ ਦਫ਼ਤਰੀ ਬਾਬੂਆਂ ਵੱਲੋਂ ਦਫਤਰਾਂ ਵਿੱਚ ਕੰਮ ਪੂਰਨ ਤੌਰ ਬੰਦ ਰੱਖ ਕੇ ਕਾਲੇ ਚੋਲੇ ਪਾ ਕੇ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਬੱਸ ਸਟੈਂਡ ਚੌਕ ਵਿੱਚ ਘੜਾ ਭੰਨ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਤੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਆਗੂ ਜਸਵੰਤ ਸਿੰਘ ਮੌਜ਼ੋ ਨੇ ਪੰਜਾਬ ਸਰਕਾਰ ’ਤੇ ਵਾਅਦਾ ਖਿਲਾਫ਼ੀ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਰਾਜਪਾਲ,ਰਾਜ ਕੁਮਾਰ ਰੰਗਾ, ਨਾਜਮ ਸਿੰਘ,ਰਾਕੇਸ਼ ਕੁਮਾਰ,ਕੇਵਲ ਸਿੰਘ,ਬੂਟਾ ਸਿੰਘ,ਗੁਰਪ੍ਰੀਤ ਕੌਰ,ਅਜੀਤਪਾਲ ਸਿੰਘ,ਜਸਪ੍ਰੀਤ ਸਿੰਘ ਰੱਲੀ,ਹਰਦੀਪ ਸਿੰਘ,ਗੁਰਦਰਸ਼ਨ ਸਿੰਘ,ਮਨਦੀਪ ਸਿੰਘ,ਲਕਸ਼ਵੀਰ ਸਿੰਘ,ਹਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।