ਕੁਲਦੀਪ ਸਿੰਘ ਬਰਾੜ
ਮੰਡੀ ਘੁਬਾਇਆ, 24 ਮਾਰਚ
ਪੰਜਾਬ ਵਿੱਚ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਲੁਭਾਉਣ ਲਈ ਸਾਰੀਆਂ ਪਾਰਟੀਆਂ ਦੇ ਆਗੂ ਕੋਸ਼ਿਸ਼ ਕਰ ਰਹੇ ਹਨ। ਇਸੇ ਤਹਿਤ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਮੰਤਰੀ ਪੰਜਾਬ ਆਪਣੇ ਹਲਕੇ ਗੁਰੂਹਰਸਹਾਏ ਦੇ ਵੋਟਰਾਂ ਨੂੰ ਖ਼ੁਸ਼ ਕਰਨ ਲਈ ਨਵੀਂ ‘ਰਾਣਾ ਮਾਈਨਰ’ ਦੇ ਰਹੇ ਹਨ। ਇਸ ਮਾਈਨਰ ਦਾ ਪਾਣੀ ਲਗਪਗ ਚਾਰ ਪਿੰਡਾਂ ਹੱਡੀ ਵਾਲਾ, ਛੀਬਿਆਂ ਵਾਲਾ, ਤੇਲੀਆਂ ਵਾਲਾ ਅਤੇ ਚੱਕ ਸੈਦੋਕੇ ਦੇ ਕੁਝ ਰਕਬੇ ਨੂੰ ਦਿੱਤਾ ਜਾਣਾ ਹੈ। ਇਹ ਮਾਈਨਰ ਨਮਾਜ਼ ਵਾ ਮਾਈਨਰ ਵਿੱਚੋਂ ਕੱਢੀ ਜਾ ਰਹੀ ਹੈ, ਜੋ ਗੁਰੂਹਰਸਹਾਏ ਵਿੱਚੋਂ ਹੁੰਦੀ ਹੋਈ ਜਲਾਲਾਬਾਦ ਦੇ ਲਗਪਗ 50 ਪਿੰਡਾਂ ਨੂੰ ਪਾਣੀ ਦਿੰਦੀ ਹੈ, ਜਿਸ ਵਿੱਚ ਸਾਬਕਾ ਜੰਗਲਾਤ ਮੰਤਰੀ ਹੰਸਰਾਜ ਜੋਸਨ ਦੇ ਪਿੰਡ ਚੱਕ ਸਲੋਤਰੀਆ ਵਾਲੇ ਦਾ ਰਕਬਾ ਵੀ ਆਉਂਦਾ ਹੈ। ਇਸ ਲਈ ਦੋਵੇਂ ਮੰਤਰੀ ਅਤੇ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਆਹਮੋ-ਸਾਹਮਣੇ ਹਨ।
ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਰਾਣਾ ਗੁਰਮੀਤ ਸਿੰਘ ਸੋਢੀ ’ਤੇ ਦੋਸ਼ ਲਾਉਂਦਿਆਂ ਆਖਿਆ ਕਿ ਉਹ ਆਪਣੇ ਕੁਝ ਪਿੰਡਾਂ ਦੇ ਲੋਕਾਂ ਨੂੰ ਖੁਸ਼ ਕਰਨ ਲਈ ਜਲਾਲਾਬਾਦ ਦੇ ਲਗਪਗ 50 ਪਿੰਡਾਂ ਨੂੰ ਬਰਬਾਦ ਕਰਨ ’ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਨਜ਼ਾਮ ਵਾ ਮਾਈਨਰ ਦੀ 352 ਕਿਊਸਿਕ ਦੇ ਕਰੀਬ ਪਾਣੀ ਦੀ ਸਮਰੱਥਾ ਹੈ ਪਰ ਇਹ ਮਾਈਨਰ ਸਹੀ ਢੰਗ ਨਾਲ ਨਾ ਬਣੀ ਹੋਣ ਕਾਰਨ ਇਸ ਵਿੱਚ 290 ਕਿਊਸਿਕ ਪਾਣੀ ਹੀ ਆਉਂਦਾ ਹੈ। ਇਸ ਤੋਂ ਵੱਧ ਪਾਣੀ ਆਉਣ ਨਾਲ ਇਸ ਦੇ ਟੁੱਟਣ ਦਾ ਖਤਰਾ ਬਣ ਜਾਂਦਾ ਹੈ। ਇਸ ਨਾਲ ਜਲਾਲਾਬਾਦ ਟੇਲਾਂ ਉੱਪਰ ਪੈਂਦੇ ਦਸ ਤੋਂ ਵੀਹ ਪਿੰਡਾਂ ਨੂੰ ਪਾਣੀ ਨਹੀਂ ਲੱਗਦਾ। ਜੇ ਇਸ ਵਿੱਚੋਂ ਇੱਕ ਹੋਰ ਮਾਈਨਰ ਨਿਕਲਦੀ ਹੈ ਤਾਂ ਜਲਾਲਾਬਾਦ ਹਲਕੇ ਦੇ ਖੇਤਾਂ ਨੂੰ ਪਾਣੀ ਜਾਣਾ ਬਿਲਕੁਲ ਬੰਦ ਹੋ ਜਾਵੇਗਾ।
ਦੂਜੇ ਪਾਸੇ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਜੇ ਰਾਣਾ ਮਾਈਨਰ ਨੂੰ ਬੰਦ ਨਾ ਕੀਤਾ ਗਿਆ ਤਾਂ ਉਹ ਅਸਤੀਫ਼ਾ ਦੇ ਦੇਣਗੇ। ਇਹ ਮਸਲਾ ਹੱਲ ਹੁੰਦਾ ਨਾ ਦੇਖ ਕੇ ਜਲਾਲਾਬਾਦ ਹਲਕੇ ਦੇ ਪਿੰਡਾਂ ਦੇ ਲੋਕਾਂ ਨੇ ਨਜ਼ਾਮ ਵਾ ਉੱਪਰ ਧਰਨਾ ਲਗਾਇਆ ਹੋਇਆ ਹੈ, ਜਿਸ ਵਿੱਚ ਬੀਤੇ ਦਿਨ ਹੰਸ ਰਾਜ ਜੋਸਨ ਵੀ ਸ਼ਾਮਲ ਹੋਏ। ਪਿੰਡ ਟਿੰਡਾਂ ਵਾਲੇ ਦੇ ਸਵਰਨ ਸਿੰਘ ਸਰਪੰਚ, ਤੋਤਿਆਂ ਵਾਲੇ ਦੇ ਜਗਸੀਰ ਸਿੰਘ ਤੇ ਬੰਦੀ ਵਾਲੇ ਦੇ ਸ਼ੇਰ ਚੰਦ ਨੇ ਕਿਹਾ ਕਿ ਉਹ ਮਾਈਨਰ ਕੱਢਣ ਦੇ ਖ਼ਿਲਾਫ਼ ਨਹੀਂ ਹਨ ਪਰ ਉਨ੍ਹਾਂ ਨੂੰ ਟੇਲਾਂ ’ਤੇ ਪੈਂਦੇ ਕਿਸਾਨਾਂ ਨੂੰ ਵੀ ਪਾਣੀ ਪੁੱਜਦਾ ਕਰਨਾ ਚਾਹੀਦਾ ਹੈ। ਮਸਲਾ ਹੱਲ ਨਾ ਹੋਣ ਤਕ ਧਰਨਾ ਜਾਰੀ ਰਹੇਗਾ। ਜਦੋਂ ਜੋਸਨ ਨੂੰ ਆਪਣੀ ਹੀ ਸਰਕਾਰ ਖ਼ਿਲਾਫ਼ ਧਰਨਾ ਲਗਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਅੰਨਦਾਤਾ ਹੈ ਤੇ ਸਾਨੂੰ ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸਾਨਾਂ ਨੂੰ ਬਣਦਾ ਮਾਣ ਦੇਣਾ ਚਾਹੀਦਾ ਹੈ।
ਮਾਮਲਾ ਹੱਲ ਕੀਤਾ ਜਾਵੇਗਾ: ਓਐੱਸਡੀ
ਰਾਣਾ ਗੁਰਮੀਤ ਸਿੰਘ ਸੋਢੀ ਦੇ ਓਐੱਸਡੀ ਨਸੀਬ ਸਿੰਘ ਸੰਧੂ ਨੇ ਕਿਸਾਨਾਂ ਦੇ ਇਸ ਧਰਨੇ ਵਿੱਚ ਪੁੱਜ ਕੇ ਉਨ੍ਹਾਂ ਦੀ ਰਾਣਾ ਸੋਢੀ ਨਾਲ ਜਲਦੀ ਮੀਟਿੰਗ ਕਰਾਉਣ ਦੀ ਗੱਲ ਆਖੀ ਅਤੇ ਮਾਮਲੇ ਦਾ ਵਾਜਬ ਹੱਲ ਕੱਢਣ ਦਾ ਭਰੋਸਾ ਵੀ ਦਿੱਤਾ।