ਇਕਬਾਲ ਸ਼ਾਂਤ
ਲੰਬੀ, 26 ਨਵੰਬਰ
ਪੰਜਾਬ ਚੋਣਾਂ ਲਈ ਕਾਂਗਰਸ ਪਾਰਟੀ ਦੇ ਅਬਜ਼ਰਵਰ ਜ਼ਮੀਨ ਪੱਧਰ ‘ਤੇ ਟਿਕਟਾਂ ਦੇ ਚਾਹਵਾਨ ਉਮੀਦਵਾਰਾਂ ਦੇ ਅਸਰ ਰਸੂਖ਼ ਪਰਖਣ ਲੱਗੇ ਹਨ। ਆਲ ਇੰਡੀਆ ਕਾਂਗਰਸ ਪਾਰਟੀ ਦੀ ਕੌਮੀ ਸਕੱਤਰ ਦੇ ਚੋਣ ਅਬਜ਼ਰਵਰ ਹਰਸ਼ਵਰਧਨ ਅੱਜ ਲੰਬੀ ਹਲਕੇ ਦੀਆਂ ਜ਼ਮੀਨੀ ਕਾਂਗਰਸੀ ਰਮਜ਼ਾਂ ਨੂੰ ਵਾਚਣ ਲਈ ਪੁੱਜੇ। ਬਾਦਲਾਂ ਦੇ ਸਿਆਸੀ ਗੜ੍ਹ ਹਲਕਾ ਲੰਬੀ ਤੋਂ ਕਾਂਗਰਸ ਦੀ ਟਿਕਟ ਲਈ ਅਬਜ਼ਰਵਰ ਦੇ ਸਨਮੁੱਖ ਤਿੰਨ ਕਾਂਗਰਸੀ ਆਗੂਆਂ ਮਹੇਸ਼ਇੰਦਰ ਸਿੰਘ ਬਾਦਲ ਦੇ ਸਪੁੱਤਰ ਫਤਿਹ ਸਿੰਘ ਬਾਦਲ, ਜਗਪਾਲ ਸਿੰਘ ਅਬੁਲਖੁਰਾਣਾ ਅਤੇ ਸ਼ਿਵਕੰਵਰ ਸਿੰਘ ਸੰਧੂ ਨੇ ਦਾਅਵੇਦਾਰੀ ਪੇਸ਼ ਕੀਤੀ। ਅਬਜ਼ਰਵਰ ਨੇ ਅੱਜ ਮਲੋਟ ਵਿਖੇ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਵਰਕਰਾਂ ਤੋਂ ਇਕੱਲਿਆਂ ਬੰਦ ਕਮਰਾ ਗੱਲਬਾਤ ਕਰਕੇ ਜੇਤੂ ਅਤੇ ਜ਼ਮੀਨੀ ਵਜੂਦ ਵਾਲੇ ਉਮੀਦਵਾਰਾਂ ਬਾਰੇ ਜਾਇਜ਼ਾ ਲਿਆ।
ਹਕੀਕਤ ਇਹ ਹੈ ਕਿ ਬਾਦਲਾਂ ਦੇ ਗੜ੍ਹ ਹੋਣ ਅਤੇ ਕਾਂਗਰਸ ਹਾਈਕਮਾਂਡ ਵਲੋਂ ਗੈਰ ਸੁਣਵਾਈ ਦੇ ਬਾਵਜੂਦ ਸਾਲ 2000 ਤੋਂ ਮਹੇਸ਼ਇੰਦਰ ਸਿੰਘ ਬਾਦਲ ਦੇ ਸਿਆਸੀ ਵਜੂਦ ਅਤੇ ਜ਼ਮੀਨ ਪੱਧਰ ‘ਤੇ ਡੂੰਘੀਆਂ ਜੜ੍ਹਾਂ ਕਾਰਨ ਲੰਬੀ ਹਲਕੇ ਵਿਚ ਕਾਂਗਰਸ ਦਾ ਵੋਟ ਬੈਂਕ 40 ਤੋਂ 43 ਹਜ਼ਾਰ ‘ਤੇ ਟਿਕਿਆ ਆ ਰਿਹਾ ਹੈ। ਇਸ ਵਾਰ ਉਨ੍ਹਾਂ ਦੇ ਫ਼ਰਜ਼ੰਦ ਫਤਿਹ ਸਿੰਘ ਬਾਦਲ ਇਥੋਂ ਬਤੌਰ ਟਿਕਟ ਦਾਅਵੇਦਾਰ ਜ਼ਮੀਨੀ ਸਫ਼ਾਂ ਵਿਚ ਵਿਚਰ ਰਹੇ ਹਨ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਜਗਪਾਲ ਅਬੂਲਖੁਰਾਣਾ ਵੀ ਕਾਂਗਰਸੀ ਉਮੀਦਵਾਰੀ ਲਈ ਸਰਗਰਮ ਹਨ। ਲੰਬੀ ਹਲਕੇ ਦਾ ਇਤਿਹਾਸ ਗਵਾਹ ਹੈ ਕਿ ਟਿਕਟ ਭਾਵੇਂ ਕਿਸੇ ਨੂੰ ਮਿਲੇ ਪਰ ਮਹੇਸ਼ਇੰਦਰ ਸਿੰਘ ਬਾਦਲ ਦੀ ਛਤਰਛਾਇਆ ਬਗੈਰ ਚੋਣ ਪਿੜ ਵਿੱਚ ਵਜੂਦ ਦਰਸਾਉਣਾ ਸੰਭਵ ਨਹੀਂ ਹੋ ਸਕਿਆ। ਆਬਜ਼ਰਵਰ ਦੀ ਆਮਦ ਨਾਲ ਆਗਾਮੀ ਦਿਨਾਂ ਵਿੱਚ ਹਲਕੇ ਵਿਚ ਕਾਂਗਰਸੀ ਕਾਡਰ ਦੀਆਂ ਸਰਗਰਮੀਆਂ ਵਿਚ ਤੇਜ਼ੀ ਆਉਣ ਦੇ ਆਸਾਰ ਹਨ।
ਕੀ ਕਹਿੰਦੇ ਨੇ ਚੋਣ ਅਬਜ਼ਰਵਰ ਹਰਸ਼ਵਰਧਨ
ਆਲ ਇੰਡੀਆ ਕਾਂਗਰਸ ਪਾਰਟੀ ਦੀ ਕੌਮੀ ਸਕੱਤਰ ਅਤੇ ਚੋਣ ਅਬਜ਼ਰਵਰ ਹਰਸ਼ਵਰਧਨ ਨੇ ਆਖਿਆ ਕਿ ਉਹ ਰੁਟੀਨ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਹਿੱਤ ਸੰਗਠਨ ਦੇ ਕਾਡਰ ਨਾਲ ਮਿਲ ਰਹੇ ਹਨ। ਉਨ੍ਹਾਂ ਨੂੰ ਜਦੋਂ ਉਕਤ ਮਿਲਣੀਆਂ ਨੂੰ ਟਿਕਟ ਸਰਵੇ ਦਾ ਹਿੱਸਾ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹਰ ਕਿਸੇ ਦਾ ਆਪਣਾ ਤਰੀਕਾ ਹੁੰਦਾ ਹੈ। ਉਹ ਵੀ ਪਾਰਟੀ ਅਹੁਦੇਦਾਰ ਹਨ ਅਤੇ ਪਾਰਟੀ ਦੇ ਜ਼ਮੀਨ ਪੱਧਰ ਦੇ ਅਹੁਦੇਦਾਰਾਂ ਨੂੰ ਮਿਲ ਰਹੇ ਹਨ।