ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਜਨਵਰੀ
ਸੂਬੇ ਵਿੱਚ ਰਾਜਸੀ ਧਿਰਾਂ ਦੀ ਚੱਲ ਰਹੀ ਸੱਤਾ ਪ੍ਰਾਪਤੀ ਦੀ ਜੰਗ ’ਚੋਂ ਜਿਥੇ ਅਸਲੀ ਮੁੱਦੇ ਗਾਇਬ ਹਨ ਉਥੇ ਜ਼ਿਲ੍ਹੇ ’ਚੋਂ ਟਕਸਾਲੀ ਕਾਂਗਰਸੀ ਚੋਣ ਪਿੜ ’ਚੋਂ ਗਾਇਬ ਹਨ। ਅਕਾਲੀ ਪਿਛੋਕੜ ਵਾਲੇ ਆਗੂਆਂ ਨੇ ਟਿਕਟਾਂ ਹਾਸਲ ਕਰਕੇ ਟਕਸਾਲੀ ਕਾਂਗਰਸੀ ਪਛਾੜ ਦਿੱਤੇ ਹਨ। ਉਮੀਦਵਾਰਾਂ ਵੱਲੋਂ ਹਲਕੇ ਨੂੰ ਸੋਨੇ ਦੀ ਚਿੜੀ ਬਣਾਉਣ ਦੀਆਂ ਗੱਲਾਂ ਤਾਂ ਕੀਤੀਆਂ ਜਾ ਰਹੀਆਂ ਹਨ ਪਰ ਅਸਲ ਮੁੱਦੇ ਬੇਰੁਜ਼ਗਾਰੀ, ਕਿਸਾਨ-ਮਜ਼ਦੂਰ ਖੁਦਕੁਸ਼ੀਆਂ, ਸੂਬੇ ’ਚ ਘਟ ਰਹੀ ਸਨਅਤ ਤੇ ਨੌਜਵਾਨਾਂ ’ਚ ਵਧ ਰਿਹਾ ਪਰਵਾਸ ਦਾ ਰੁਝਾਨ ਅਤੇ 7 ਸਾਲ ਤੋਂ ਵਧ ਸਮੇਂ ਅੱਧ ਵਿਚਾਲੇ ਲਟਕੇ ਲੁਧਿਆਣਾ-ਮੋਗਾ-ਕੌਮੀ ਮਾਰਗ ਦਾ ਮੁੱਦਾ ਗਾਇਬ ਹੈ।
ਮੋਗਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਟਿਕਟ ’ਤੇ ਚੋਣ ਪਿੜ ’ਚ ਨਿੱਤਰੀ ਮਾਲਵਿਕਾ ਸੂਦ ਸੱਚਰ ਨੂੰ ਪੰਜ ਕੋਨੇ ਮੁਕਾਬਲੇ ’ਚੋਂ ਜਿੱਤਾ ਕਿ ਵਿਧਾਨ ਸਭਾ ’ਚ ਭੇਜਣ ਲਈ ਬੌਲੀਵੁੱਡ ਅਦਾਕਾਰ ਸੋਨੂ ਸੂਦ ਦਾ ਵੱਕਾਰ ਦਾਅ ’ਤੇ ਹੈ। ਇਹ ਦੰਗਲ ਦੂਜੀਆਂ ਸਿਆਸੀ ਧਿਰਾਂ ਲਈ ਵੀ ਚੁਣੌਤੀਪੂਰਨ ਹੈ। ਕਿਸਾਨ ਅੰਦੋਲਨ ਕਾਰਨ ਹਾਲਾਤ ਇਹ ਹਨ ਕਿ ਭਾਜਪਾ ਆਗੂ ਪਿੰਡਾਂ ’ਚ ਜਾਣ ਤੋਂ ਸਿਰ ਫੇਰਨ ਲੱਗੇ ਹਨ। ਬੀਕੇਯੂ ਏਕਤਾ ਉਗਰਾਹਾਂ ਨੇ ਤਾਂ ਭਾਜਪਾ ਖ਼ਿਲਾਫ਼ ਪੁਤਲੇ ਸਾੜਨ ਤੇ 31 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਧਰਨਿਆਂ ਰਾਹੀਂ ਵਿਸ਼ਵਾਸਘਾਤ ਦਿਵਸ ਮਨਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਧਰਮਕੋਟ ਵਿਧਾਨ ਸਭਾ ਹਲਕੇ ’ਚ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਮੈਦਾਨ’ਚ ਹਨ। ਉਨ੍ਹਾਂ ਦੇ ਫਰਜ਼ੰਦ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਮੋਗਾ ਸ਼ਹਿਰੀ ਹਲਕੇ ਤੋਂ ਪਾਰਟੀ ਉਮੀਦਵਾਰ ਹਨ। ਇਸ ਲਈ ਜਥੇਦਾਰ ਤੋਤਾ ਸਿੰਘ ਲਈ ਇਹ ਚੋਣ ਵੱਕਾਰ ਦਾ ਸਵਾਲ ਹੈ। ਮੋਗਾ ਹਲਕੇ ਤੋਂ ’ਆਪ’ ਉਮੀਦਵਾਰ ਡਾ. ਅਮਨਦੀਪ ਕੌਰ ਅਰੋੜਾ ਦੀਆਂ ਸੰਯੁਕਤ ਸਮਾਜ ਮੋਰਚਾ ਵੱਲੋਂ ਚੋਣ ਪਿੜ ’ਚ ਉਤਾਰੇ ਬਾਗੀ ‘ਆਪ’ ਹਲਕਾ ਇੰਚਾਰਜ ਨਵਦੀਪ ਸਿੰਘ ਸੰਘਾਂ ਕਾਰਨ ਅੰਦਰੂਨੀ ਵਿਰੋਧ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਭਾਜਪਾ ਦੀ ਟਿਕਟ ਲਈ ਸਾਬਕਾ ਡੀਜੀਪੀ ਪੀਐੱਸ ਗਿੱਲ ਤੇ ਭਾਜਪਾ ’ਚ ਸ਼ਾਮਲ ਹੋਏ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ’ਚ ਜ਼ੋਰ-ਅਜ਼ਮਾਇਸ਼ ਚੱਲ ਰਹੀ ਹੈ।