ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਦਸੰਬਰ
ਸੂਬੇ ’ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਨੇ ਮੈਦਾਨ ਫ਼ਤਿਹ ਕਰਨ ਲਈ ਡੇਰਾ ਵੋਟ ’ਤੇ ਅੱਖ ਰੱਖਦੇ ਹੋਏ ਧਰਮ ਗੁਰੂਆਂ ਕੋਲ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਪਿਛਲੇ ਦਿਨ ਚੁੱਪ ਚਪੀਤੇ ਡੇਰਾ ਸੰਤ ਰਾਮ ਸਿੰਘ 11ਵੀਂ ਵਾਲੇ ਪਿੰਡ ਦੌਧਰ ਵਿੱਚ ਪੁੱਜੇ ਜਿਥੇ ਅਕਸਰ ਇਸ ਧਾਰਮਿਕ ਸਥਾਨ ’ਤੇ ਬਾਦਲ ਪਰਿਵਾਰ ਦਾ ਆਉਣਾ ਜਾਣਾ ਵੀ ਹੈ। ਭਾਜਪਾ ਆਗੂ ਦੇ ਇਸ ਦੌਰੇ ਨੂੰ ਡੇਰਾ ਵੋਟ ਹਾਸਲ ਕਰਨ ਦੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਇਸ ਬਾਰੇ ਭਾਜਪਾ ਆਗੂਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਪੁਸ਼ਟੀ ਕੀਤੀ ਹੈ। ਦੌਧਰ ਡੇਰੇ ਦੇ ਸੇਵਾਦਾਰਾਂ ਮੁਤਾਬਕ ਬਾਬਾ ਜੀ ਦੇ ਅਮਰੀਕਾ ਰਹਿੰਦੇ ਇਕ ਸੇਵਕ ਰਾਹੀਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਲ ਹੋਈ ਸੀ। ਇਸ ਮੌਕੇ ਉਨ੍ਹਾਂ ਭਾਜਪਾ ਸੁਬਾਈ ਆਗੂ ਰਾਕੇਸ਼ ਬਾਘਾ, ਪਾਰਟੀ ਦੇ ਜ਼ਿਲ੍ਹਾ ਇੰਚਾਰਜ ਪਰਵੀਨ ਬਾਂਸਲ, ਜ਼ਿਲ੍ਹਾ ਪਧਾਨ ਵਿਨੇ ਸ਼ਰਮਾ ਤੇ ਹੋਰ ਆਗੂ ਵੀ ਹਾਜ਼ਰ ਸਨ। ਕਿਸਾਨ ਅੰਦੋਲਨ ਦਾ ਸੇਕ ਸਭ ਤੋਂ ਵੱਧ ਇਸ ਪਾਰਟੀ ਨੂੰ ਲੱਗਾ ਹੈ।
ਪੰਜਾਬ ’ਚ ਕਾਂਗਰਸ, ਅਕਾਲੀ ਦਲ-ਬਸਪਾ ਗੱਠਜੋੜ, ਆਮ ਆਦਮੀ ਪਾਰਟੀ ਤੇ ਭਾਜਪਾ ਤੋਂ ਇਲਾਵਾ ਦਰਜਨ ਛੋਟੇ ਮੋਟੇ ਦਲ ਹਨ ਪਰ ਚੋਣਾਂ ’ਚ ਮੁੱਖ ਮੁਕਾਬਲਾ ਇਨ੍ਹਾਂ ਚਾਰ ਧਿਰਾਂ ਵਿੱਚ ਹੋਣ ਦੀ ਸੰਭਾਵਨਾ ਹੈ। ਕਿਸੇ ਵੇਲੇ ਪੰਜਾਬ ਤੇ ਹਰਿਆਣਾ ਦੀ ਸਿਆਸਤ ’ਤੇ ਪੂਰਾ ਰੋਅਬ ਰੱਖਣ ਵਾਲਾ ਡੇਰਾ ਸਿਰਸਾ ਇਸ ਵੇਲੇ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਜਦੋਂ ਤੱਕ ਇਸ ਡੇਰੇ ਦਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਨਹੀਂ ਗਿਆ ਸੀ, ਉਦੋਂ ਤੱਕ ਹਰ ਪਾਰਟੀ ਦਾ ਆਗੂ ਇਸ ਡੇਰੇ ’ਚ ਜਾ ਕੇ ਆਸ਼ੀਰਵਾਦ ਜ਼ਰੂਰ ਲੈਂਦਾ ਸੀ। ਕਿਸੇ ਵੇਲੇ ਇਹ ਡੇਰਾ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਆਗੂਆਂ ਦਾ ਸਿਆਸੀ ਭਵਿੱਖ ਬਦਲ ਕੇ ਰੱਖਣ ਦੀ ਤਾਕਤ ਰੱਖਦਾ ਸੀ। ਸਾਲ 2007 ’ਚ ਸਿੱਖ ਪੰਥ ਨਾਲ ਟਕਰਾਅ ’ਚ ਆਏ ਇਸ ਡੇਰੇ ਦੇ ਪੰਜਾਬ ਵਿਚਲੇ ਆਧਾਰ ਨੂੰ ਪਿਛਲੇ ਸਮੇਂ ਦੌਰਾਨ ਕਾਫੀ ਖੋਰਾ ਲੱਗਾ ਹੈ। ਹੁਣ ਡੇਰਾ ਪ੍ਰਬੰਧਕ ਪੰਜਾਬ ਦੇ ਚੋਣ ਮਹੌਲ ’ਚ ਮੁੜ ਪੈਰਾਂ ਸਿਰ ਹੋਣ ਲਈ ਸਰਗਰਮ ਹਨ।
ਆਮ ਆਦਮੀ ਪਾਰਟੀ ਨੂੰ ਪੰਜਾਬ ’ਚ 2014 ਦੀਆਂ ਲੋਕ ਸਭਾ ਚੋਣਾਂ ’ਚ ਵੱਡਾ ਹੁੰਗਾਰਾ ਮਿਲਿਆ ਸੀ। ਉਸ ਵੇਲੇ ਇਸ ਨੂੰ 33 ਵਿਧਾਨ ਸਭਾ ਹਲਕਿਆਂ ’ਚ ਸਭ ਤੋਂ ਵੱਧ ਵੋਟਾਂ ਮਿਲੀਆਂ ਤੇ 25 ਹਲਕਿਆਂ ’ਚ ਦੂਸਰੇ ਨੰਬਰ ’ਤੇ ਆਈ। 2017 ਦੀਆਂ ਵਿਧਾਨ ਸਭਾ ਚੋਣਾਂ ਤੱਕ ਇਹ ਪੰਜਾਬ ’ਚ ਖੇਰੂੰ ਖੇਰੂੰ ਹੋ ਗਈ।