ਜੋਗਿੰਦਰ ਸਿੰਘ ਮਾਨ
ਮਾਨਸਾ, 3 ਜੁਲਾਈ
ਸਿਹਤ ਵਿਭਾਗ ਮਾਨਸਾ ਵੱਲੋਂ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਹਿ ਤਹਿਤ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਜ਼ੱਚਾ-ਬੱਚਾ ਹਸਪਤਾਲ ਤੋਂ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਨੇ ਏਐੱਨਐੱਮ ਅਤੇ ਆਸ਼ਾ ਵਰਕਰਾਂ ਨੂੰ ਕਰੋਨਾਵਾਇਰਸ ਦੀਆਂ ਸਾਵਧਾਨੀਆਂ ਵਾਲੇ ਸਲੋਗਨ ਤਖਤੀਆਂ ਦੇ ਕੇ ਡੋਰ-ਟੂ-ਡੋਰ ਲੋਕਾਂ ਨੂੰ ਜਾਗਰੂਕ ਕਰਨ ਲਈ ਰਵਾਨਾ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਮਾਨਸਾ ਨੇ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਨਾਲ ਘਰਾਂ ਵਿੱਚ ਜਾ ਕੇ ਮਿਸ਼ਨ ਫ਼ਤਹਿ ਦੇ ਪੈਂਫਲਿਟ, ਮਾਸਕ ਅਤੇ ਕੋਵਾ ਐਪ ਡਾਊਨਲੋਡ ਕਰਨ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਇਰਸ ਤੋਂ ਬਚਣ ਲਈ ਆਪਣੇ ਹੱਥਾਂ ਨੂੰ 20 ਸਕਿੰਟ ਲਈ ਧੋਣਾ, ਘਰ ਤੋਂ ਬਾਹਰ ਜਾਣ ਲੱਗੇ ਮਾਸਕ ਦੀ ਵਰਤੋਂ ਕਰਨੀ, ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਘਰ ਤੋਂ ਸਿਰਫ਼ ਉਨ੍ਹਾਂ ਹਾਲਾਤਾਂ ਵਿੱਚ ਬਾਹਰ ਨਿਕਲਣਾ ਜਦੋਂ ਬਹੁਤ ਜ਼ਰੂਰੀ ਹੋਵੇ। ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਕਰੋਨਾ ‘ਤੇ ਕਾਬੂ ਪਾਉਣ ਲਈ ਜ਼ਿਲ੍ਹੇ ਦੀ ਕਰੋਨਾ ਸੈਂਪਲਿੰਗ ਟੀਮ ਵੱਲੋਂ ਹੁਣ ਤੱਕ ਪੂਰੇ ਜ਼ਿਲ੍ਹੇ ਵਿੱਚ 8705 ਸੈਂਪਲ ਲਏ ਜਾ ਚੁੱਕੇ ਹਨ।