ਜਸਵੰਤ ਜੱਸ
ਫਰੀਦਕੋਟ, 16 ਜਨਵਰੀ
ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀਆਂ ਰੈਲੀਆਂ, ਰੋਡ-ਸ਼ੋਅ ਅਤੇ ਇਕੱਠਾਂ ਉੱਪਰ ਰੋਕ ਲਾਉਣ ਦੇ ਫੈਸਲੇ ਨੂੰ ਵੋਟਰਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਹਾਲਾਂਕਿ ਪ੍ਰਚਾਰ ਏਜੰਸੀਆਂ, ਟੈਂਟ ਤੇ ਸਾਊਂਡ ਹਾਊਸ ਆਦਿ ਇਸ ਫੈਸਲੇ ਤੋਂ ਨਿਰਾਸ਼ ਹਨ। ਚੋਣ ਕਮਿਸ਼ਨ ਦੇ ਇਸ ਫੈਸਲੇ ਤੋਂ ਬਾਅਦ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਸਾਰੇ ਉਮੀਦਵਾਰਾਂ ਨੇ ਪਿੰਡਾਂ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਮੀਦਵਾਰਾਂ ਨੇ ਰੈਲੀਆਂ ‘ਤੇ ਪਾਬੰਦੀ ਲੱਗਣ ਤੋਂ ਬਾਅਦ ਘਰ-ਘਰ ਜਾਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਜਿਨ੍ਹਾਂ ਦੀ ਅਗਵਾਈ ਉਮੀਦਵਾਰਾਂ ਦੇ ਪਰਿਵਾਰਕ ਮੈਂਬਰ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵੱਖ-ਵੱਖ ਪਿੰਡਾਂ ਵਿੱਚ ਵੋਟਰਾਂ ਨੂੰ ਮਿਲੇ। ਅਕਾਲੀ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਆਪਣੀ ਪੂਰੀ ਟੀਮ ਨਾਲ ਘਰ-ਘਰ ਜਾ ਕੇ ਚੋਣ ਪ੍ਰਚਾਰ ਵਿੱਚ ਰੁੱਝ ਗਏ ਹਨ। ਸ਼ਹਿਰ ਦੇ ਇੱਕ ਪ੍ਰਮੁੱਖ ਟੈਂਟ ਹਾਊਸ ਦੇ ਮਾਲਕ ਦੀਪਕ ਕੁਮਾਰ ਨੇ ਕਿਹਾ ਕਿ 24 ਜਨਵਰੀ ਤੱਕ ਉਨ੍ਹਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਨੇ ਬੁੱਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਟੈਂਟ ਅਤੇ ਸਾਊਂਡ ਦਾ ਕੰਮ ਪਿਛਲੇ ਦੋ ਸਾਲਾਂ ਤੋਂ ਠੱਪ ਪਿਆ ਸੀ ਅਤੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕੰਮ ਨੂੰ ਹੁਲਾਰਾ ਮਿਲਣ ਦੀ ਆਸ ਸੀ, ਪਰ ਚੋਣ ਕਮਿਸ਼ਨਰ ਦੇ ਹੁਕਮ ਨਾਲ ਉਨ੍ਹਾਂ ਦੀ ਆਸ ‘ਤੇ ਵੀ ਪਾਣੀ ਫਿਰ ਗਿਆ ਹੈ।