ਲਖਵੀਰ ਿਸੰੰਘ
ਟੱਲੇਵਾਲ, 4 ਜੁਲਾਈ
ਪਿੰਡ ਛੀਨੀਵਾਲ ਖੁਰਦ ਵਿੱਚ ਡਰੇਨ ਦੇ ਖਸਤਾ ਹਾਲ ਪੁਲਾਂ ਦਾ ਜਾਇਜ਼ਾ ਲੈਣ ਲਈ ਅੱਜ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਪੁੱਜੇ। ਇਸ ਮੌਕੇ ਉਨ੍ਹਾਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਜਲਦ ਹੱਲ ਹੋਣ ਦਾ ਭਰੋਸਾ ਦਿੱਤਾ। ਇਸ ਮੌਕੇ ਆਪ ਵਿਧਾਇਕ ਪੰਡੋਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਪ ਸਰਕਾਰ ਵੱਲੋਂ ਪਿੰਡਾਂ ਅੰਦਰ ਲੰਘਦੀਆਂ ਡਰੇਨਾਂ ਅਤੇ ਰਜਬਾਹਿਆਂ ਦੇ ਖਸਤਾ ਹਾਲਤ ਪੁਲਾਂ ਦਾ ਨਵੇਂ ਸਿਰਿਓਂ ਨਿਰਮਾਣ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ। ਇਸ ਸਬੰਧੀ ਸਬੰਧਤ ਮਹਿਕਮੇ ਨੂੰ ਐਸਟੀਮੈਟ ਲਗਾਉਣ ਲਈ ਤੁਰੰਤ ਹੁਕਮ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਥੇ ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ, ਉਥੇ ਨਵੀਆਂ ਸੜਕਾਂ ਦੀ ਉਸਾਰੀ ਕਰਾਉਣ ਦਾ ਕੰਮ ਵੀ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਪੰਡੋਰੀ ਦੇ ਪੀਏ, ਸਤਵਿੰਦਰ ਸਿੰਘ, ਬਿੰਦਰ ਸਿੰਘ ਖਾਲਸਾ ਅਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਛੀਨੀਵਾਲ ਖੁਰਦ ਹਾਜ਼ਰ ਸਨ।