ਪੱਤਰ ਪ੍ਰੇਰਕ
ਸ਼ਹਿਣਾ, 20 ਮਈ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਨਸ਼ਾ ਛੁਡਾਉਣ ਵਿੱਚ ਮਦਦ ਕਰਨ ਦੇ ਮੰਤਵ ਨਾਲ ਪ੍ਰਾਇਮਰੀ ਹੈਲਥ ਸੈਂਟਰ ਸ਼ਹਿਣਾ ਵਿੱਚ ਨਵਾਂ ਓਟ ਕੇਂਦਰ ਖੋਲ੍ਹਿਆ ਗਿਆ। ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਓਟ ਕੇਂਦਰ ਦਾ ਉਦਘਾਟਨ ਕੀਤਾ। ਵਿਧਾਇਕ ਉੱਗੋਕੇ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ, ਜਿਸ ਤਹਿਤ ਜ਼ਿਲ੍ਹੇ ਵਿੱਚ ਨਵੇਂ ਕਲੀਨਿਕ ਖੋਲ੍ਹੇ ਗਏ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਓਟ ਕੇਂਦਰ ਵਿੱਚ ਨਸ਼ਾ ਛੱਡਣ ਦੀ ਇੱਛਾ ਰੱਖਣ ਵਾਲਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਵੱਖ-ਵੱਖ ਤਰ੍ਹਾਂ ਦੇ ਨਸ਼ੇ ਕਰਨ ਵਾਲੇ ਵਿਅਕਤੀਆਂ ਦੀ ਕੌਂਸਲਿੰਗ ਕਰਨ ਉਪਰੰਤ ਉਨ੍ਹਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਮਗਰੋਂ ਲੋੜੀਂਦੇ ਟੈਸਟ ਕਰਨ ਤੋਂ ਬਾਅਦ ਮਰੀਜ਼ ਨੂੰ ਜੀਭ ਦੇ ਹੇਠਾਂ ਰੱਖਣ ਵਾਲੀ ਗੋਲੀ ਦੀ ਖੁਰਾਕ ਕਲੀਨਿਕ ਵਿੱਚ ਹੀ ਰੋਜ਼ਾਨਾ ਦਿੱਤੀ ਜਾਂਦੀ ਹੈ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਅਰਮਾਨਦੀਪ ਸਿੰਘ, ਫਾਰਮੇਸੀ ਅਫ਼ਸਰ ਹਰਪਾਲ ਸਿੰਘ, ‘ਆਪ’ ਆਗੂ ਕੁਲਵੰਤ ਸਿੰਘ ਮੋਹਣੀ, ਸਤਨਾਮ ਸਿੰਘ ਗੋਸਲ ਤੇ ਭੋਲਾ ਸਿੰਗਲਾ ਆਦਿ ਹਾਜ਼ਰ ਸਨ।