ਪਰਮਜੀਤ ਸਿੰਘ
ਫਾਜ਼ਿਲਕਾ, 16 ਜੁਲਾਈ
ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ। ਵਿਧਾਇਕ ਸਵਨਾ ਦੀ ਇਕ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿਚ ਉਹ ਕਹਿ ਰਹੇ ਹਨ ਕਿ ਜੇ ਅਫ਼ਸਰਾਂ ਤੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮੱਗਰੀ ਨਹੀਂ ਵੰਡੀ ਜਾ ਸਕਦੀ ਤਾਂ ਉਹ ਆਪਣੇ ਪੱਧਰ ’ਤੇ ਪਾਰਟੀ ਵਰਕਰਾਂ ਤੋਂ ਸਮੱਗਰੀ ਮੰਗਵਾ ਲੈਂਦੇ ਹਨ। ਉਥੇ ਹੀ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਲਰ ਡਾ. ਸੇਨੂੰ ਦੁੱਗਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸੇ ਦੌਰਾਨ ਲੋਕ ਇਹ ਵੀ ਸਵਾਲ ਕਰ ਰਹੇ ਹਨ ਕਿ ਕੀ ਅਫ਼ਸਰਾਂ ਤੋਂ ਹੜ੍ਹ ਪ੍ਰਭਾਵਿਤ ਪਿੰਡ ਸੰਭਾਲੇ ਨਹੀਂ ਜਾ ਰਹੇ ਜਾਂ ਫਿਰ ਹੇਠਲੇ ਅਧਿਕਾਰੀ ਸਾਰ ਲੈਣ ਤੋਂ ਕੰਨੀ ਕਤਰਾ ਰਹੇ ਹਨ। ਕੱਲ੍ਹ ਪਿੰਡਾਂ ਵਿੱਚ ਵੰਡੀ ਜਾ ਰਹੀ ਰਾਹਤ ਸਮੱਗਰੀ ਸਹੀ ਤਰੀਕੇ ਨਾਲ ਨਾ ਵੰਡੇ ਜਾਣ ਕਾਰਨ ਲੋਕਾਂ ਵੱਲੋਂ ਗੁੱਸਾ ਵੀ ਜ਼ਾਹਰ ਕੀਤਾ ਗਿਆ ਸੀ।ਅੱਜ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਕੇ ਰਾਹਤ ਸਮੱਗਰੀ ਪਿੰਡਾਂ ਦੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਪਿੰਡ ਝੰਗੜ ਭੈਣੀ ਵਿਚ ਉਨ੍ਹਾਂ ਨੇ ਪਸ਼ੂਆਂ ਲਈ ਫੀਡ ਅਤੇ ਤਰਪਾਲਾਂ ਦੀ ਵੰਡ ਕਰਵਾਈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਲਈ ਪੂਰੀ ਤਨਦੇਹੀ ਨਾਲ ਮਦਦ ਪਹੁੰਚਾਉਣ ਵਿੱਚ ਲੱਗੀ ਹੋਈ ਹੈ ਅਤੇ ਉਹ ਆਪ ਪਿੰਡ-ਪਿੰਡ ਜਾ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਪ੍ਰਕਾਰ ਨਾਲ ਲੋਕਾਂ ਦੀ ਮਦਦ ਕਰੇਗੀ ਅਤੇ ਹਰ ਇੱਕ ਘਰ ਨੂੰ ਅਗਾਮੀ ਬਾਰਸ਼ਾਂ ਤੋਂ ਬਚਾਉਣ ਲਈ ਤਰਪਾਲ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਬਿਨਾਂ ਲਗਾਤਾਰ ਹਰਾ ਚਾਰਾ ਅਤੇ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਝੰਗੜ ਭੈਣੀ ਤੋਂ ਇਲਾਵਾ ਮਹਾਤਮ ਨਗਰ, ਗੱਟੀ ਨੰਬਰ ਇਕ ਦਾ ਵੀ ਦੌਰਾ ਕੀਤਾ।
ਪਾਣੀ ਦਾ ਪੱੱਧਰ ਘਟਣਾ ਸ਼ੁਰੂ
ਕਾਂਵਾਂ ਵਾਲੀ ਪੁਲ ’ਤੇ ਪਹਿਲਾਂ ਦੇ ਮੁਕਾਬਲੇ ਪਾਣੀ ਦਾ ਪੱਧਰ ਲਗਭਗ ਸਵਾ ਫੁੱਟ ਨੀਵਾਂ ਹੋਇਆ ਹੈ। ਇਸੇ ਤਰ੍ਹਾਂ ਹੁਸੈਨੀਵਾਲਾ ਹੈੱਡਵਰਕਸ ਤੋਂ ਪਾਣੀ ਦੀ ਨਿਕਾਸੀ ਘਟ ਕੇ ਸਿਰਫ਼ 31 ਹਜ਼ਾਰ ਕਿਊਸਕ ਰਹਿ ਗਈ ਹੈ। ਇਸ ਨਾਲ ਆਉਣ ਵਾਲੇ ਦਿਨ ਫ਼ਾਜ਼ਿਲਕਾ ਲਈ ਰਾਹਤ ਵਾਲੇ ਹੋਣਗੇ। ਜਿਵੇਂ ਜਿਵੇਂ ਸਤਲੁਜ ਵਿੱਚ ਪਾਣੀ ਘਟੇਗਾ ਖੇਤਾਂ ਤੋਂ ਪਾਣੀ ਵਾਪਸ ਨਿਕਲਣ ਲੱਗੇਗਾ। ਕੁਝ ਥਾਵਾਂ ਤੋਂ ਪਾਣੀ ਦਰਿਆ ਵਿਚ ਜਾਣਾ ਵੀ ਸ਼ੁਰੂ ਹੋ ਗਿਆ ਹੈ।