ਪੱਤਰ ਪ੍ਰੇਰਕ
ਅਬੋਹਰ, 25 ਜੂਨ
ਬੀਤੇ ਦਿਨ ਅਬੋਹਰ ਖੇਤਰ ਵਿੱਚ ਨਹਿਰੀ ਵਿਭਾਗ ਵੱਲੋਂ ਨਹਿਰਾਂ ’ਤੇ ਲਗਾਈ ਗਈ ਵਾਰਬੰਦੀ ਤੋਂ ਨਾਖੁਸ਼ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਵਫ਼ਦ ਨਹਿਰੀ ਵਿਭਾਗ ਦੇ ਐਕਸੀਅਨ ਨੂੰ ਮਿਲਿਆ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਜਦੋਂ ਸਰਕਾਰ ਨੇ ਕੁਝ ਦਿਨ ਪਹਿਲਾਂ ਨਹਿਰਾਂ ’ਚ ਪਾਣੀ ਛੱਡਿਆ ਸੀ ਤਾਂ ਸਾਰੀਆਂ ਨਹਿਰਾਂ ’ਚ ਘੱਟ ਪਾਣੀ ਛੱਡਿਆ ਗਿਆ ਸੀ, ਜਿਸ ਕਾਰਨ ਕਈ ਕਿਸਾਨਾਂ ਦੀ ਵਾਰੀ ਨਹੀਂ ਆਈ। ਨਹਿਰ ਬੰਦੀ ਹੋਣ ਕਾਰਨ ਪਿੰਡ ਦੀਵਾਨਖੇੜਾ ਦੇ ਸੁਨੀਲ ਦੀਆਂ ਦੋ ਫ਼ਸਲਾਂ ਦਾ ਨੁਕਸਾਨ ਹੋ ਗਿਆ। ਸ੍ਰੀ ਜਾਖੜ ਨੇ ਕਿਹਾ ਕਿ ਵਿਭਾਗ ਅਗਲੇ ਦੋ ਹਫ਼ਤਿਆਂ ’ਚ ਨਹਿਰਾਂ ਬੰਦ ਕਰਨ ਜਾ ਰਿਹਾ ਹੈ, ਪਰ ਇਹ ਪਤਾ ਨਹੀਂ ਕਿ ਕਿਹੜੀ ਨਹਿਰ ਕਦੋਂ ਬੰਦ ਹੋਵੇਗੀ। ਉਨ੍ਹਾਂ ਜਾਣਕਾਰੀ ਜਨਤਕ ਕਰਨ ਦੀ ਅਪੀਲ ਕੀਤੀ ਹੈ।