ਨਿੱਜੀ ਪੱਤਰ ਪ੍ਰੇਰਕ
ਮਲੋਟ, 14 ਅਗਸਤ
ਸੰਯੁਕਤ ਕਿਸਾਨ ਮੋਰਚਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਕੌਮੀ ਕਿਸਾਨ ਯੂਨੀਅਨ ਦੇ ਮੁੱਖ ਬੁਲਾਰੇ ਲਖਣਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਸ਼ਹੀਦ ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਹੋਈ। ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੂੂਰੇ ਪੰਜਾਬ ਵਿੱਚ 17 ਅਗਸਤ ਨੂੰ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਰੂਪ ਰੇਖਾ ਉਲੀਕੀ ਗਈ। ਇਸ ਮੌਕੇ ਬੀਕੇਯੂ ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਵੱਟੂ, ਕਿਰਤੀ ਕਿਸਾਨ ਯੂਨੀਅਨ (ਯੂਥ ਵਿੰਗ) ਦੇ ਸੂਬਾ ਆਗੂ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ, ਬੀਕਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਉੜਾਂਗ, ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਆਗੂ ਦਵਿੰਦਰ ਸਿੰਘ ਭੰਗੇਵਾਲਾ,ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਦੇਵਣ, ਬੀਕੇਯੂ ਮਾਲਵਾ (ਜੈਤੋ ) ਦੇ ਜ਼ਿਲ੍ਹਾ ਆਗੂ ਸੁਖਦੇਵ ਸਿੰਘ , ਬੀਕੇਯੂ (ਬੋਘ ਮਾਨਸਾ) ਦੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ, ਬੀਕੇਯੂ ਮਾਲਵਾ ( ਹੀਰਕੇ ) ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਮੁਕਤਸਰ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਵਣਵਾਲਾ ਨੇ ਕਿਹਾ ਕਿ 17 ਅਗਸਤ ਨੂੰ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਅੱਗੇ ਮਲੋਟ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਬਲਾਕ ਲੰਬੀ ਦੇ ਕਿਸਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਿਹਾਇਸ਼ ’ਤੇ ਪ੍ਰਦਰਸ਼ਨ ਕਰਨਗੇ।
ਖੇਤੀ ਮੰਤਰੀ ਦੇ ਘਰ ਅੱਗੇ ਧਰਨੇ ਸਬੰਧੀ ਲਾਮਬੰਦੀ
ਲੰਬੀ (ਪੱਤਰ ਪ੍ਰੇਰਕ): ਤਿੰਨ ਫੌਜਦਾਰੀ ਕਾਨੂੰਨਾਂ ਖਿਲਾਫ਼ 15 ਅਗਸਤ ਨੂੰ ਮਲੋਟ ਵਿਖੇ ਸਾਂਝੇ ਮੁਜ਼ਾਹਰੇ ਅਤੇ ਮਜ਼ਦੂਰ ਮੰਗਾਂ ਸਬੰਧੀ 21 ਅਗਸਤ ਤੋਂ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਅੱਗੇ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਸਬੰਧੀ ਖੇਤ ਮਜ਼ਦੂਰਾਂ ਵੱਲੋਂ ਲਾਮਬੰਦੀ ਵਿੱਢੀ ਹੋਈ ਹੈ। ਦੋਵੇਂ ਪ੍ਰੋਗਰਾਮਾਂ ਦੀ ਸਫਲਤਾ ਲਈ ਪਿੰਡ ਕਿੱਲਿਆਂਵਾਲੀ, ਮਿਠੜੀ ਬੁੱਧਗਿਰ, ਗੱਗੜ ਤੇ ਮਹਿਣਾ ’ਚ ਮੀਟਿੰਗਾਂ ਅਤੇ ਸਿੰਘੇਵਾਲਾ ਵਿੱਚ ਮਾਰਚ ਕੱਢਿਆ ਗਿਆ। ਇਸ ਮੌਕੇ ਮਜ਼ਦੂਰ ਆਗੂ ਕਾਲਾ ਸਿੰਘ ਸਿੰਘੇਵਾਲਾ, ਰਾਮਪਾਲ ਸਿੰਘ ਗੱਗੜ ਮਹਿਲਾ ਮਜ਼ਦੂਰ ਆਗੂ ਤਾਰਾਵੰਤੀ ਤੇ ਕ੍ਰਿਸ਼ਨਾ ਦੇਵੀ ਨੇ ਸੰਬੋਧਨ ਕੀਤਾ।