ਨਿੱਜੀ ਪੱਤਰ ਪ੍ਰੇਰਕ
ਮੋਗਾ, 1 ਜੁਲਾਈ
ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਮੋਗਾ ਤੋਂ ਪਟਿਆਲਾ ਦੀ ਬਦਲੀ ਦਾ ਮੁੱਦਾ ਦਿਨੋਂ ਦਿਨ ਗਰਮਾ ਰਿਹਾ ਹੈ। ਸਿਹਤ ਕਾਮੇ ਦੀ ਬਦਲੀ ਰੱਦ ਕਰਵਾਉਣ ਲਈ ਗਠਤ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠ ਲੋਕ ਸੰਘਰਸ਼ ਕਮੇਟੀ ਆਗੂਆਂ ਵੱਲੋੋਂ ਭਲਕੇ 3 ਜੁਲਾਈ ਨੂੰ ਵਿਧਾਇਕਾ ਦੇ ਘਰ ਵੱਲ ਰੋਸ ਮਾਰਚ ਨੂੰ ਸਫ਼ਲ ਬਣਾਉਣ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਸੰਘਰਸ਼ ਕਮੇਟੀ ਕਨਵੀਨਰ ਕਾਮਰੇਡ ਡਾ. ਇੰਦਰਵੀਰ ਸਿੰਘ ਗਿੱਲ ਨੇ ਕਿਹਾ ਕਿ ਇਹ ਲੜਾਈ ਹੁਣ ਇਕੱਲੇ ਲੂੰਬਾ ਦੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਦਲੀ ਰੱਦ ਕਰਕੇ ਸ਼ਾਂਤਮਈ ਮਾਹੌਲ ਸਿਰਜਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 3 ਜੁਲਾਈ ਦੇ ਰੋਸ ਮਾਰਚ ਵਿਚ ਸਮਾਜਿਕ ਧਾਰਮਿਕ, ਠੇਕਾ ਆਧਾਰਿਤ ਅਤੇ ਆਊਟ ਸੋਰਸ ਮੁਲਾਜ਼ਮ ਸ਼ਮੂਲੀਅਤ ਕਰਨਗੇ। ਇਸ ਮੌਕੇ ਸੰਘਰਸ਼ ਕਮੇਟੀ ਦੇ ਆਰਗੇਨਾਈਜ਼ਰ ਕੁਲਬੀਰ ਸਿੰਘ ਢਿੱਲੋਂ, ਐਸਐਮਐਲਟੀ ਯੂਨੀਅਨ ਪ੍ਰਧਾਨ ਪਰਮਿੰਦਰ ਸਿੰਘ ਸੱਭਰਵਾਲ, ਸਿਹਤ ਵਿਭਾਗ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਚਮਕੌਰ ਸਿੰਘ ਸਰਾਂ ਤੇ ਦਿ ਕਲਾਸ ਫੋਰ ਇੰਪਲਾਈਜ ਯੂਨੀਅਨ ਪ੍ਰਧਾਨ ਚਮਨ ਲਾਲ ਸੰਗੇਲੀਆ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।