ਪੱਤਰ ਪ੍ਰੇਰਕ
ਮਾਨਸਾ, 19 ਅਗਸਤ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 27 ਤੋਂ 31 ਅਗਸਤ ਤੱਕ ਡੀਸੀ ਦਫ਼ਤਰਾਂ ਅੱਗੇ ਦਿਨ-ਰਾਤ ਦੇ ਲੱਗਣ ਵਾਲੇ ਮੋਰਚਿਆਂ ਦੀ ਤਿਆਰੀ ਲਈ ਅੱਜ ਜ਼ਿਲ੍ਹਾ ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਵਿੱਚ ਜਥੇਬੰਦਕ ਆਗੂਆਂ ਨੇ ਲਾਮਬੰਦੀ ਆਰੰਭ ਕਰ ਦਿੱਤੀ ਗਈ ਹੈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਬਹੁਤ ਸਾਰੇ ਮਸਲਿਆਂ ਵਿੱਚ ਫੇਲ੍ਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੀ ਸਹੀ ਮਾਅਨਿਆਂ ਵਿੱਚ ਸਾਰ ਲੈਣ ਤੋਂ ਪਾਸਾ ਵੱਟ ਗਈ ਹੈ, ਨਵੀਂ ਖੇਤੀ ਨੀਤੀ ਬਣਾਉਣ ਦੀ ਗੱਲ ਕਹਿ ਕੇ ਚੁੱਪ ਕਰ ਗਈ ਹੈ ਅਤੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਖ਼ਤਮ ਕਰਨ ਦੀ ਗੱਲ ਹੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕਰਜ਼ਿਆਂ ਅਤੇ ਆਰਥਿਕ ਤੰਗੀਆਂ ਕਾਰਨ ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ। ਇਸ ਲਈ ਕਿਸਾਨਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਿਆ। ਉਨ੍ਹਾਂ ਪੰਜ ਰੋਜ਼ਾ ਮੋਰਚਿਆਂ ਦੀਆਂ ਮੰਗਾਂ ਦੀ ਗੱਲ ਕਰਦਿਆਂ ਕਿਹਾ ਕਿ ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ’ਤੇ ਲੀਕ ਮਾਰੀ ਜਾਵੇ, ਕਰਜ਼ਿਆਂ ਤੇ ਆਰਥਿਕ ਤੰਗੀਆਂ ਕਾਰਨ ਖ਼ੁਦਕੁਸ਼ੀਆਂ ਕਰ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 10-10 ਲੱਖ ਦਾ ਮੁਆਵਜ਼ਾ ਅਤੇ ਸਾਰਾ ਕਰਜ਼ਾ ਖ਼ਤਮ ਕਰ ਕੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਕਿਸਾਨ-ਪੱਖੀ ਕਰਜ਼ਾ ਕਾਨੂੰਨ ਬਣਾਏ ਜਾਣ, ਐੱਮਐੱਸਪੀ ਗਾਰੰਟੀ ਕਾਨੂੰਨ ਬਣਾਇਆ ਜਾਵੇ ਆਦਿ। ਇਸੇ ਦੌਰਾਨ ਜਥੇਬੰਦੀ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਨਵੀਂ ਪਿੰਡ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਪ੍ਰਧਾਨ ਬੂਟਾ ਸਿੰਘ, ਜਨਰਲ ਸਕੱਤਰ ਅਜੈਬ ਸਿੰਘ, ਖਜ਼ਾਨਚੀ ਆਤਮਾ ਸਿੰਘ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ, ਸਕੱਤਰ ਗੁਰਭਗਤ ਸਿੰਘ ਚੁਣੇ ਗਏ।
ਇਸ ਮੌਕੇ ਮਹਿੰਦਰ ਸਿੰਘ ਖੜ੍ਹਕ ਸਿੰਘ ਵਾਲਾ, ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਸੁਖਦੇਵ ਸਿੰਘ ਬੁਰਜ ਹਰੀ, ਗੁਰਦੀਪ ਸਿੰਘ ਖੋਖਰ, ਜਸਵੰਤ ਸਿੰਘ ਉੱਭਾ, ਨਿਰਮਲ ਸਿੰਘ ਬੁਰਜ ਢਿੱਲਵਾਂ ਨੇ ਵੀ ਸੰਬੋਧਨ ਕੀਤਾ।