ਜੋਗਿੰਦਰ ਸਿੰਘ ਮਾਨ
ਮਾਨਸਾ, 5 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਮੋਦੀ ਸਰਕਾਰ ਅਤੇ ਅਡਾਨੀ ਤੇ ਅੰਬਾਨੀ ਦੀਆਂ ਅਰਥੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਅੱਜ ਦਿਨ ਚੜ੍ਹਦੇ ਸਾਰ ਅਰਥੀਆਂ ਸਾੜਨ ਦਾ ਸਿਲਸਿਲਾ ਸ਼ੁਰੂ ਹੋਇਆ, ਜੋ ਦਿਨ ਭਰ ਚਲਦਾ ਰਿਹਾ। ਪਿੰਡ ਭੈਣੀ ਬਾਘਾ, ਬੁਰਜ ਹਰੀ, ਕਲ੍ਹੋ, ਤਾਮਕੋਟ, ਬੁਰਜ ਢਿੱਲਵਾਂ, ਬੁਰਜ ਰਾਠੀ, ਖੜਕ ਸਿੰਘ ਵਾਲਾ, ਖੋਖਰ ਖੁਰਦ, ਖੋਖਰ ਕਲਾਂ ਜਿ਼ਲ੍ਹੇ ਦੇ ਦਸ ਪਿੰਡਾ ਵਿਚ ਅਰਥੀ ਫੂਕ ਮੁਜ਼ਾਹਰੇ ਕਰਕੇ ਅਰਥੀਆਂ ਸਾੜੀਆਂ ਗਈਆਂ। ਪਿੰਡ ਭੈਣੀ ਬਾਘਾ ਵਿੱਚ ਇਕੱਠ ਨੂੰ ਸਬੰਧੋਨ ਕਰਦਿਆਂ ਕਿਸਾਨ ਆਗੂ ਰਾਮ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨ ਕਿਸਾਨ ਕਿਤੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ ਅਤੇ ਕਿਸਾਨੀ ਦੀ ਹੋਂਦ ਸਦਾ ਲਈ ਮਿਟ ਜਾਵੇਗੀ। ਇਸ ਮੌਕੇ ਜਗਦੇਵ ਸਿੰਘ ਭੈਣੀ ਬਾਘਾ, ਨਿਰਮਲ ਸਿੰਘ, ਹਰਿੰਦਰ ਸਿੰਘ ਟੋਨੀ ਨੇ ਵੀ ਸੰਬੋਧਨ ਕੀਤਾ।
ਜੈਤੋ (ਸ਼ਗਨ ਕਟਾਰੀਆ): ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਅੱਜ ਸਬ-ਡਵੀਜ਼ਨ ਦੇ ਕਰੀਬ ਦੋ ਦਰਜਨ ਪਿੰਡਾਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ। ਪ੍ਰਦਰਸ਼ਨਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਨੌਜਵਾਨ ਭਾਰਤ ਸਭਾ ਦੇ ਕਾਰਕੁਨ ਸ਼ਾਮਲ ਹੋਏ।
ਫ਼ਰੀਦਕੋਟ (ਜਸਵੰਤ ਜੱਸ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਵਿੱਢੇ ਸੰਘਰਸ਼ ਤਹਿਤ ਅੱਜ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਰਥੀਆਂ ਸਾੜੀਆਂ ਗਈਆਂ ਅਤੇ ਰੋਸ ਮਾਰਚ ਕੀਤੇ ਗਏ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਅੱਜ ਸਾਦਿਕ, ਦੀਪ ਸਿੰਘ ਵਾਲਾ ਅਤੇ ਕਿੰਗਰੇ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਦੀਆਂ ਅਰਥੀਆਂ ਸਾੜੀਆਂ ਅਤੇ ਦੋਸ਼ ਲਾਇਆ ਕਿ ਭਾਰਤ ਸਰਕਾਰ ਖੇਤੀ ਅਤੇ ਖੇਤ, ਕਿਸਾਨ ਤੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ। ਕੇਂਦਰ ਸਰਕਾਰ ਦਾ ਇਹ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ। ਇਸੇ ਤਰ੍ਹਾਂ ਸੁੱਖਣਵਾਲਾ ਪਿੰਡ ਵਿੱਚ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੀ ਅਰਥੀ ਸਾੜੀ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪਿੰਡ ਦੀਵਾਨਾ ਵਿੱਚ ਕੇਂਦਰ ਸਰਕਾਰ ਅਤੇ ਕਾਰਪੋਰਟ ਘਰਾਣਿਆਂ ਦੀ ਅਰਥੀ ਸਾੜੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਔਰਤ ਵਿੰਗ ਦੀ ਇਕਾਈ ਪ੍ਰਧਾਨ ਹਰਪਾਲ ਕੌਰ ਪਾਲੋ, ਚਰਨਜੀਤ ਕੌਰ, ਦਰਸ਼ਨ ਸਿੰਘ ਅਤੇ ਪਰਮਜੀਤ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ। ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ’ਚ ਸੋਧ ਕਰਨ ਦੀ ਗੱਲ ਆਖੀ ਰਹੀ ਹੈ। ਪਰ ਕਿਸਾਨ ਇਹਨਾਂ ਨੂੰ ਰੱਦ ਕਰਵਾਏ ਬਿਨਾਂ ਸੰਘਰਸ਼ ਪਿੱਛੇ ਖਿੱਚਣ ਵਾਲੇ ਨਹੀਂ ਹਨ।
ਫਾਜ਼ਿਲਕਾ (ਪਰਮਜੀਤ ਸਿੰਘ): ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਮਾਰੂ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਵਿੱਚ ਤੀਹ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਮਹਾਂਸੰਘ ਦੇ ਸੱਦੇ ਤੇ ਸਮੁੱਚੇ ਭਾਰਤ ਵਿੱਚ ਮੋਦੀ ਸਰਕਾਰ ਖਿਲਾਫ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਸ਼ਾਮਾ ਖਾਨਕਾ, ਆਜ਼ਮਵਾਲਾ, ਬਾਘੇਵਾਲਾ, ਸੈਣੀਆਂ, ਲੱਖੇ ਕੇ ਮੁਹਾਹਬਿ, ਹੋਜ਼ ਖਾਸ, ਬੁੱਧੋਕੇ,ਵਹਾਬਵਾਲਾ, ਅਤੇ ਹੋਰ ਪਿੰਡਾਂ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਕਾਰਪੋਰੇਟ ਘਰਾਣਿਆਂ ਅੰਬਾਨੀ, ਅਡਾਨੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਭਾਕਿਯੂ ਏਕਤਾ ਸਿੱਧੂਪੁਰ ਇਕਾਈ ਸ਼ਾਮਾ ਖਾਨਕਾ ਦੇ ਪ੍ਰਧਾਨ ਰਮਨਦੀਪ ਕੰਬੋਜ ਅਤੇ ਬਲਾਕ ਅਰਨੀਵਾਲਾ ਦੇ ਪ੍ਰੈਸ ਸਕੱਤਰ ਨਵਨੀਤ ਕੰਬੋਜ ਨੇ ਸੰਬੋਧਨ ਕੀਤਾ।
ਬਰਨਾਲਾ (ਪਰਸ਼ੋਤਮ ਬੱਲੀ): ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਤੀਜੇ ਮਹੀਨੇ ਵਿੱਚ ਦਾਖਲ ਹੋ ਚੁੱਕਾ ਹੈ। ਅੱਜ ਸਦਰ ਬਾਜ਼ਾਰ ਵਿੱਚ ਮਾਰਚ ਕਰਕੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਮੋਦੀ-ਸ਼ਾਹ ਹਕੂਮਤ ਅਤੇ ਮਹਾਂ ਲੁਟੇਰੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਗੁਰਚਰਨ ਸਿੰਘ, ਹਰਚਰਨ ਚੰਨਾ, ਕਰਨੈਲ ਸਿੰਘ ਗਾਂਧੀ, ਖੁਸ਼ਮੰਦਰਪਾਲ, ਖੁਸ਼ੀਆ ਸਿੰਘ, ਗੁਰਮੇਲ ਰਾਮ ਸ਼ਰਮਾ, ਗੁਰਜੰਟ ਸਿੰਘ, ਪਰਮਜੀਤ ਕੌਰ, ਜਸਪਾਲ ਕੌਰ ਤੇ ਸ਼ਿੰਦਰ ਧੌਲਾ ਆਦਿ ਨੇ ਕਿਹਾ ਕਿ ਕੇਂਦਰੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ।
ਇਸ ਮੌਕੇ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੇ ਹਮਾਇਤ ਦਿੱਤੀ। ਬਿਜਲੀ ਕਾਮਿਆਂ ਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਅੱਜ ਦੇ ਸਮਾਗਮ ਵਿੱਚ ਭਰਵਾਂ ਕਾਫਲਾ ਲੈ ਕੇ ਸ਼ਾਮਿਲ ਹੋਈ। ਇਸੇ ਤਰ੍ਹਾਂ ਰਿਲਾਇੰਸ ਮਾਲ ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਪੁਤਲੇ ਫੂਕ ਮੁਜ਼ਾਹਰੇ ਕੀਤੇ ਗਏ। ਇਸੇ ਤਰ੍ਹਾਂ ਸਥਾਨਕ ਭਾਜਪਾ ਆਗੂਆਂ ਅਰਚਨਾ ਦੱਤ ਤੇ ਯਾਦਵਿੰਦਰ ਸ਼ੰਟੀ ਦੇ ਘਰਾਂ ਅੱਗੇ ਮੋਰਚਾ ਲਾ ਕੇ ਡਟੇ ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਸਥਾਨਕ ਕਚਹਿਰੀ ਚੌਕ ਵਿਖੇ ਕਾਫਲੇ ਰੂਪ ਵਿੱਚ ਪੁੱਜ ਕੇ ਮੋਦੀ, ਸ਼ਾਹ ਤੇ ਅੰਬਾਨੀ-ਅੰਡਾਨੀਆਂ ਦੀਆਂ ਅਰਥੀਆਂ ਫੂਕੀਆਂ।
ਲੰਬੀ (ਇਕਬਾਲ ਸਿੰਘ ਸ਼ਾਂਤ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਪਿੰਡ ਦੇ ਕਿਸਾਨਾਂ ਨੇ ਡੱਬਵਾਲੀ-ਅਬੋਹਰ ਰੋਡ ’ਤੇ ਨਰਿੰਦਰ ਮੋਦੀ ਅਤੇ ਅੰਬਾਨੀ-ਅਡਾਨੀ ਦਾ ਪੁਤਲਾ ਸਾੜ ਕੇ ਤਿੱਖਾ ਰੋਸ ਪ੍ਰਗਟ ਕੀਤਾ। ਇਸ ਮੌਕੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ, ਪੰਚਾਇਤ ਸੰਮਤੀ ਲੰਬੀ ਦੇ ਸਾਬਕਾ ਚੇਅਰਮੈਨ ਗੁਰਬਖਸ਼ੀਸ਼ ਸਿੰਘ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਅਕਾਸ਼ਦੀਪ ਸਿੰਘ ਮਿੱਡੂਖੇੜਾ ਬਤੌਰ ਕਿਸਾਨ ਮੁਜ਼ਹਹਰੇ ’ਚ ਸ਼ਾਮਲ ਹੋਏ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਕਿਸਾਨ-ਮਜ਼ਦੂਰ ਵਿਰੋਧੀ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਦੇਸ਼ ਪੱਧਰੀ ਸੰਘਰਸ਼ ਦੇ ਸੱਦੇ ’ਤੇ ਪ੍ਰਗਤੀਸ਼ੀਲ ਮੰਚ ਆਗੂ ਕਾ.ਬਲਕਰਨ ਮੋਗਾ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਵਿੱਚ ਮੋਦੀ ਦੇ ਪੁਤਲੇ ਫੂਕੇ ਗਏ। ਲੋਕਾਂ ਨੇ ਮੋਦੀ ਦੇ ਪੁਤਲੇ ਦੀ ਧੂ ਕੜੀਸ ਅਤੇ ਛਿੱਤਰ ਮਾਰਕੇ ਜਲੂਸ ਕੱਢਿਆ। ਬੀਕੇਯੂ ਏਕਤਾ ਉਗਰਾਹਾਂ ਵੱਲੋ ਭਾਜਪਾ ਜਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ ਮੋਦੀ ਦੇ ਪੁਤਲੇ ਨੂੰ ਲਾਬੂੰ ਲਾਇਆ ਗਿਆ।
ਉਗਰਾਹਾਂ ਨੇ ਪਿੰਡਾਂ ’ਚ ਕੇਂਦਰ ਸਰਕਾਰ ਦੇ ਪੁਤਲੇ ਸਾੜੇ
ਬਠਿੰਡਾ (ਸ਼ਗਨ ਕਟਾਰੀਆ): ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬਠਿੰਡਾ ਜ਼ਿਲ੍ਹੇ ਦੇ 52 ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ। ਪ੍ਰਦਰਸ਼ਨਕਾਰੀਆਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਬੱਗੀ, ਦਰਸ਼ਨ ਸਿੰਘ ਮਾਈਸਰਖਾਨਾ ਅਤੇ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਅਤੇ ਸਿਦਕ ਦੀ ਪਰਖ ਕਰ ਰਹੀ ਹੈ ਪਰ ਕਿਸਾਨ ਹਰ ਹਾਲਤ ਇਸ ਮੋਰਚੇ ਵਿੱਚੋਂ ਜੇਤੂ ਹੋ ਕੇ ਨਿਕਲਣਗੇ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ 8 ਦਸੰਬਰ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਪੰਜਾਬ ਬੰਦ ਦੇ ਸੱਦੇ ਵਾਂਗ ਹੀ ਸਫਲ ਬਣਾਉਣ।