ਪੱਤਰ ਪ੍ਰੇਰਕ
ਭਾਈਰੂਪਾ, 19 ਦਸੰਬਰ
ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿੱਚ ਸੇਲਬਰਾਹ ਵਾਸੀਆਂ ਵੱਲੋਂ ਪਿੰਡ ਦੇ ਗੁਰਦੁਆਰੇ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮਗਰੋਂ ਕਿਸਾਨ ਅੰਦੋਲਨ ਵਿੱਚ ਯੋਗਦਾਨ ਪਾਉਣ ਵਾਲੇ ਆਗੂਆਂ, ਵਰਕਰਾਂ, ਕਿਸਾਨਾਂ, ਔਰਤਾਂ, ਮਜ਼ਦੂਰਾਂ ਅਤੇ ਹੋਰ ਵਰਗਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਬਾਵਾ, ਇਨਕਲਾਬੀ ਕੇਂਦਰ ਪੰਜਾਬ ਤੋਂ ਹਰਮੇਸ਼ ਕੁਮਾਰ ਨੇ ਕਿਹਾ ਕਿ ਲੋਕ ਏਕਤਾ ਅੱਗੇ ਮੋਦੀ ਹਕੂਮਤ ਨੂੰ ਝੁਕਣਾ ਪਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਮੋਦੀ ਹਕੂਮਤ ਨੇ ਕਿਸਾਨ ਸੰਘਰਸ਼ ਨੂੰ ਫੇਲ੍ਹ ਕਰਨ ਦੀਆਂ ਅਨੇਕਾਂ ਚਾਲਾਂ ਚੱਲੀਆਂ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ।
ਭਗਤਾ ਭਾਈ (ਪੱਤਰ ਪ੍ਰੇਰਕ): ਗਿੱਲ ਖਾਦ ਸਟੋਰ ਭਗਤਾ ਭਾਈ ਵੱਲੋਂ ਪਿੰਡ ਡੋਡ ਦੇ ਦਿੱਲੀ ਕਿਸਾਨ ਮੋਰਚੇ ਫ਼ਤਹਿ ਕਰਨ ਤੋਂ ਬਾਅਦ ਪਿੰਡ ਪਰਤੇ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜੀਤ ਸਿੰਘ ਗਿੱਲ, ਦਰਸ਼ਨ ਸਿੰਘ ਗਿੱਲ, ਗੁਰਮੀਤ ਸਿੰਘ ਗਿੱਲ ਤੇ ਮਨਿੰਦਰ ਸਿੰਘ ਗਿੱਲ ਨੇ ਕਿਸਾਨਾਂ ਦਾ ਸਨਮਾਨ ਕਰਦਿਆਂ ਇਸ ਜਿੱਤ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਗੁਰਜੰਟ ਸਿੰਘ ਨੰਬਰਦਾਰ, ਡਾ. ਜਰਨੈਲ ਸਿੰਘ ਭਗਤਾ, ਨਿਰਭੈ ਸਿੰਘ ਸੇਵਾਮੁਕਤ ਕਾਨੂੰਗੋ, ਜਸਵਿੰਦਰ ਬਰਾੜ, ਬਲਜਿੰਦਰ ਤੇ ਡਾ. ਗੁਲਸ਼ਨ ਕੁਮਾਰ ਹਾਜ਼ਰ ਸਨ।
ਅੰਦੋਲਨ ਜਿੱਤਣ ਦੀ ਖੁਸ਼ੀ ’ਚ ਅਖੰਡ ਪਾਠ ਦੇ ਭੋਗ ਪਾਏ
ਦੋਦਾ (ਜਸਵੀਰ ਸਿੰਘ ਭੁੱਲਰ): ਇਥੋਂ ਦੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਲੋਕਲ ਪ੍ਰਬੰਧਕ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਵਿਚ ਰੱਖੇ ਗਏ ਅਖੰਡ ਪਾਠ ਦੇ ਅੱਜ ਭੋਗ ਪਾਏ ਗਏ। ਇਸ ਮੌਕੇ ਪ੍ਰਬੰਧਕਾਂ ਨੇ ਮੋਰਚੇ ਦੀ ਹਮਾਇਤ ਕਰਨ ਵਾਲੇ ਹਰ ਵਰਗ ਦੇ ਲੋਕਾਂ ਦਾ ਸਨਮਾਨ ਕੀਤਾ। ਇਸ ਮੌਕੇ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਅਤੇ ਸਨੀ ਢਿੱਲੋਂ ਸਮੇਤ ਆਂਗਣਵਾੜੀ ਵਰਕਰ ਯੂਨੀਅਨ ਦੀ ਕੌਮੀ ਅਤੇ ਪੰਜਾਬ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮਗਰੋਂ ਨਗਰ ਦੀ ਬਹਾਰਲੀ ਫਿਰਨੀ ’ਤੇ ਟਰੈਕਟਰ ਟਰਾਲੀਆਂ ਰਾਹੀ ਜੇਤੂ ਰੈਲੀ ਕੱਢੀ ਗਈ। ਇਸੇ ਤਰ੍ਹਾਂ ਗੁਰੂਸਰ ਵਿੱਚ ਵੀ ਅਖੰਡ ਪਾਠ ਦੇ ਭੋਗ ਪਾਏ ਗਏ।