ਪੱਤਰ ਪ੍ਰੇਰਕ
ਬੁਢਲਾਡਾ, 11 ਜਨਵਰੀ
30 ਕਿਸਾਨ ਜੱਥੇਬੰਦੀਆਂ ਵੱਲੋਂ ਕਾਲੇ ਕਾਨੂੰਨਾਂ ਖ਼ਿਲਾਫ਼ ਆਰੰਭੇ ਸੰਘਰਸ਼ ਤਹਿਤ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ’ਤੇ ਚੱਲ ਰਹੇ ਦਿਨ-ਰਾਤ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਸਟੇਟ ਆਗੂ ਸਵਰਨਜੀਤ ਸਿੰਘ ਦਲਿਓ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਭੁਪਿੰਦਰ ਸਿੰਘ ਗੁਰਨੇ, ਸਵਰਨ ਸਿੰਘ ਬੋੜਾਵਾਲ, ਹਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਤੁਗਲਕੀ ਫ਼ੈਸਲੇ ਦੇਸ਼ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਬਰਬਾਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਲੋਕਤੰਤਰੀ ਪ੍ਰਬੰਧ ’ਚ ਤਾਨਾਸ਼ਾਹੀ ਵਤੀਰੇ ਨੂੰ ਆਵਾਮ ਬਰਦਾਸ਼ਤ ਨਹੀਂ ਕਰਦਾ ਤੇ ਤਾਨਾਸ਼ਾਹਾਂ ਦਾ ਹਸ਼ਰ ਹਮੇਸ਼ਾ ਮਾੜਾ ਹੀ ਹੋਇਆ ਹੈ। ਇਸ ਮੌਕੇ ਸਤਪਾਲ ਸਿੰਘ ਬਰ੍ਹੇ, ਅਮਰੀਕ ਸਿੰਘ ਮੰਦਰਾਂ, ਸਾਹਿਬ ਸਿੰਘ ਉੱਡਤ, ਸਾਹਿਬ ਸਿੰਘ, ਗਰੀਬ ਸਿੰਘ ਬੱਛੋਆਣਾ, ਲਖਵਿੰਦਰ ਸਿੰਘ ਮੰਦਰਾਂ, ਸੁਖਦੇਵ ਸਿੰਘ ਬੋੜਾਵਾਲ, ਸਿਮਰਨਜੀਤ ਸਿੰਘ ਬਹਾਦਰਪੁਰ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੀ ਢੀਠਤਾਈ ਭਾਜਪਾ ਦੀ ਬੇੜੀ ਮੂਧੀ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 7 ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਦੇਸ਼ ਦੇ ਅੰਨ੍ਹਦਾਤਾ ਤੇ ਮਜ਼ਦੂਰ ਦੀ ਭਲਾਈ ਲਈ ਕੋਈ ਸਕੀਮ ਹੀ ਨਹੀਂ ਬਣਾਈ ਗਈ। ਜਦੋਂਕਿ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਖੇਤੀ ਖੇਤਰ ਦਾ ਵੱਡਾ ਯੋਗਦਾਨ ਹੈ। ਇਸ ਮੌਕੇ ਜਸਵੰਤ ਸਿੰਘ ਬੀਰੋਕੇ, ਪਰਦੀਪ ਸਿੰਘ ਬਰ੍ਹੇ, ਜਗਦੇਵ ਖਾਨ, ਦਿਲਸ਼ਾਦ ਦੋਦੜਾ ਵੀ ਸ਼ਾਮਲ ਸਨ।