ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਅਕਤੂਬਰ
ਸਥਾਨਕ ਡਾ. ਮਥੁਰਾ ਦਾਸ ਸਿਵਲ ਹਸਪਤਾਲ ਵਿੱਚ ਹੋਈਆਂ ਕਥਿਤ ਵਿੱਤੀ ਬੇਨਿਯਮੀਆਂ ਅਤੇ ਫ਼ੈਲੇ ਭ੍ਰਿਸਟਾਚਾਰ ਦੀ ਚਾਰ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਸਿਹਤ ਵਿਭਾਗ ਦੇ ਹੀ ਸੁਪਰਵਾਈਜ਼ਰ ਨੇ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਹਸਪਤਾਲ ਵਿੱਚ ਕਥਿਤ ਤੌਰ ’ਤੇ ਬਹੁਕਰੋੜੀ ਘੁਟਾਲਾ ਹੋਣ ਦਾ ਦਾਅਵਾ ਕਰਦਿਆਂ ਇਸ ਉੱਤੇ ਮਿੱਟੀ ਪਾਉਣ ਲਈ ਸਰਕਾਰੀ ਸਟਾਕ ਰਜਿਸਟਰ ਅਤੇ ਆਯੂਸ਼ਮਾਨ ਲਾਭਪਾਤਰੀ ਰਜਿਸਟਰ ਗੁੰਮ ਕਰਨ ਦਾ ਦੋਸ਼ ਵੀ ਲਗਾਇਆ। ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਉਨ੍ਹਾਂ ਪਹਿਲੀ ਜਨਵਰੀ 2021 ਤੋਂ ਲੈ ਕੇ 30 ਜੂਨ 2023 (ਢਾਈ ਸਾਲ) ਵਿੱਚ ਸਥਾਨਕ ਸਿਵਲ ਹਸਪਤਾਲ ਲਈ ਖਰੀਦੀਆਂ ਕਰੋੜਾਂ ਦੀਆਂ ਦਵਾਈਆਂ ਆਦਿ ਬਾਰੇ ਆਰਟੀਆਈ ਤਹਿਤ ਪ੍ਰਾਪਤ ਕੀਤੀ ਜਾਣਕਾਰੀ ਵਿੱਚ ਬਹੁਕਰੋੜੀ ਘੁਟਾਲਾ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਰਕਾਰ ਕੋਲੋਂ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ।
ਆਰਟੀਆਈ ਮੁਤਾਬਕ ਹਾਸਲ ਕੀਤੀ ਜਾਣਕਾਰੀ ਦੇ ਵੇਰਵੇ ਸਾਂਝੇ ਕਰਦਿਆਂ ਮਹਿੰਦਰ ਪਾਲ ਨੇ ਕਿਹਾ ਕਿ ਹਸਪਤਾਲ ਵਿੱਚ ਕਲਰਕ ਵਜੋਂ ਕੰਮ ਕਰ ਰਹੇ ਦੋ ਫਾਰਮਾਸਿਸਟਾਂ ਅਤੇ ਇੱਕ ਸੀਨੀਅਰ ਅਧਿਕਾਰੀ ਨੇ ਬੈਂਕ ਵਿੱਚੋਂ 30 ਲੱਖ ਰੁਪਏ ਕਢਵਾਏ ਹਨ, ਜਨਿ੍ਹਾਂ ਵਿੱਚੋਂ 12 ਲੱਖ ਰੁਪਏ ਦੇ ਖਰਚੇ ਦਿਖਾਏ ਗਏ। 10 ਲੱਖ ਰੁਪਏ ਡੀਜ਼ਲ ਬੰਦ ਪਏ ਜੈਨਰੇਟਰਾਂ ਵਿੱਚ ਬਾਲਿਆ ਦਿਖਾਇਆ ਗਿਆ ਹੈ ਜਦਕਿ ਬਾਕੀ 18 ਲੱਖ ਦਾ ਕੋਈ ਹਿਸਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਇਸ ਸਮੇਂ ਦੌਰਾਨ ਕੋਈ ਕੱਟ ਨਹੀਂ ਲੱਗਿਆ। ਹਸਪਤਾਲ ਵਿੱਚ ਹੌਟ ਲਾਈਨ ਬਿਜਲੀ ਸਪਲਾਈ ਹੋਣ ਕਰ ਕੇ ਬਿਜਲੀ ਕੱਟ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਹਸਪਤਾਲ ਵੱਲੋਂ ਰਜਿਸਟਰਡ ਫਰਮਾਂ ਨੂੰ 11 ਲੱਖ ਰੁਪਏ ਨਕਦ ਅਦਾਇਗੀ ਕੀਤੀ ਗਈ ਹੈ ਜਦਕਿ ਨਿਯਮਾਂ ਮੁਤਾਬਕ ਅਦਾਇਗੀ ਬੈਂਕ ਖਾਤੇ ਵਿੱਚ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਯੋਜਨਾ ਤਹਿਤ 6.70 ਕਰੋੜ ਰੁਪਏ ਅਤੇ ਮਰੀਜ਼ਾਂ ਕੋਲੋਂ ਵੀ 3.75 ਕਰੋੜ ਰੁਪਏ ਦੀ ਆਮਦਨ ਹੋਈ ਹੈ। ਫਿਰ ਵੀ ਦੋ ਕਰੋੜ ਤੋਂ ਵੱਧ ਦੀ ਦੇਣਦਾਰੀ ਬਾਕੀ ਹੈ, ਜਿਸ ਵਿੱਚੋਂ ਇੱਕ ਕਰੋੜ ਦਵਾਈਆਂ ਵਾਲੀਆਂ ਫਰਮਾਂ ਦਾ ਬਕਾਇਆ ਹੈ।
ਕੀ ਕਹਿੰਦੇ ਨੇ ਅਧਿਕਾਰੀ
ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਨੇ ਕੋਈ ਵੀ ਵੇਰਵਾ ਸਾਂਝਾ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਚਾਰ ਮੈਂਬਰੀ ਕਮੇਟੀ ਵੱਲੋਂ ਰਿਕਾਰਡ ਦੀ ਘੋਖ ਕੀਤੀ ਜਾ ਰਹੀ ਹੈ ਅਤੇ ਗੰਭੀਰ ਦੋਸ਼ ਹੋਣ ਕਾਰਨ ਜਾਂਚ ਮਕੁੰਮਲ ਹੋਣ ਨੂੰ ਸਮਾਂ ਲੱਗ ਸਕਦਾ ਹੈ। ਦੂਜੇ ਪਾਸੇ ਸਥਾਨਕ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਪ੍ਰੀਤ ਸਿੰਘ ਬਰਾੜ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸਟਾਕ ਰਜਿਸਟਰ ਅਤੇ ਆਯੂਸ਼ਮਾਨ ਲਾਭਪਾਤਰੀ ਰਜਿਸਟਰ ਗੁੰਮ ਨਹੀਂ ਹੋਏ ਹਨ। ਇੱਥੇ ਕਲਰਕ ਵਜੋਂ ਕੰਮ ਕਰਦੇ ਫ਼ਰਮਾਸਿਸਟ ਦਾ ਕਰੀਬ ਛੇ ਮਹੀਨੇ ਪਹਿਲਾਂ ਤਬਾਦਲਾ ਹੋਣ ਉਪਰੰਤ ਉਹ ਰਜਿਸਟਰ ਨਹੀਂ ਦੇ ਕੇ ਗਿਆ। ਉਸ ਨੂੰ ਇਹ ਰਜਿਸਟਰ ਦੇਣ ਲਈ ਪੱਤਰ ਲਿਖਿਆ ਗਿਆ ਹੈ।