ਨਿੱਜੀ ਪੱਤਰ ਪ੍ਰੇਰਕ
ਮੋਗਾ, 18 ਜੂਨ
ਇਥੇ ਨਗਰ ਨਿਗਮ ਨੇ ਰੌਲੇ-ਰੱਪੇ ਦੌਰਾਨ ਵਿੱਤੀ ਵਰ੍ਹੇ ਸਾਲ 2024-25 ਲਈ 78.33 ਕਰੋੜ ਰੁਪਏ ਦਾ ਬਜਟ ਪਾਸ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸੰਸਦੀ ਚੋਣਾਂ ਕਾਰਨ ਚੋਣ ਜ਼ਾਬਤਾ ਲੱਗਿਆ ਹੋਣ ਕਾਰਨ ਬਜਟ ਲੇਟ ਹੋ ਗਿਆ ਸੀ। ਇਸ ਮੌਕੇ ਕੌਂਸਲਰਾਂ ਨੇ ਆਮਦਨ ’ਚ ਘਟਣ ਬਾਵਜੂਦ ਪਿਛਲੇ ਸਾਲ ਨਾਲੋਂ 2 ਕਰੋੜ ਰੁਪਏ ਵਾਧੇ ਵਾਲਾ ਬਜਟ ਪਾਸ ਕਰਨ ’ਤੇ ਸੁਆਲ ਚੁੱਕੇ। ਇਸ ਮੀਟਿੰਗ ਵਿਚ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਵੀ ਸ਼ਿਰਕਤ ਕੀਤੀ। ਕੌਂਸਲਰ ਗੌਰਵ ਗੁਪਤਾ ਗੁੱਡੂ, ਕੁਸੁਮ ਬਾਲੀ ਅਤੇ ਕੁਝ ਹੋਰ ਕੌਂਸਲਰ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆ ਗਏ ਅਤੇ ਉਨ੍ਹਾਂ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਬਜਟ ਨੂੰ ਬਿਨਾਂ ਸੁਣੇ ਹੀ ਇਸ ਤਰੀਕੇ ਨਾਲ ਪਾਸ ਕਰਨਾ ਸੀ ਤਾਂ ਉਨ੍ਹਾਂ ਨੂੰ ਕਿਉਂ ਬੁਲਾਇਆ ਗਿਆ। ਕਰੀਬ 45 ਮਿੰਟ ਤੱਕ ਚੱਲੀ ਇਸ ਮੀਟਿੰਗ ਦੌਰਾਨ ਕੁਝ ਕੌਂਸਲਰਾਂ ਨੇ ਆਪਣੇ ਵਾਰਡਾਂ ਵਿੱਚ ਵਿਕਾਸ ਕਾਰਜ ਮੁਕੰਮਲ ਨਾ ਹੋਣ ’ਤੇ ਰੋਸ ਵੀ ਪ੍ਰਗਟਾਇਆ। ਕੌਂਸਲਰ ਕੁਸੁਮ ਬਾਲੀ ਨੇ ਆਪਣੇ ਇਲਾਕੇ ਵਿੱਚ ਕੁਝ ਹੋਰ ਆਗੂਆਂ ਵੱਲੋਂ ਉਨ੍ਹਾਂ ਦੀ ਹਾਜ਼ਰੀ ਤੋਂ ਬਿਨਾਂ ਕੰਮ ਕਰਵਾਉਣ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਉਹ ਵਾਰਡ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਉਨ੍ਹਾਂ ਨੂੰ ਨਗਰ ਨਿਗਮ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਉਪਰੰਤ ਗੌਰਵ ਗੁਪਤਾ ਗੁੱਡੂ ਨੇ ਨਗਰ ਨਿਗਮ ਵੱਲੋਂ ਰੱਖੇ 70 ਬਾਗਬਾਨਾਂ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਸ ਨਾਲ ਨਿਗਮ ’ਤੇ ਬੇਲੋੜਾ ਬੋਝ ਪਿਆ ਹੈ। ਇਸ ’ਤੇ ਰੋਜ਼ਾਨਾ 50 ਹਜ਼ਾਰ ਰੁਪਏ ਖਰਚ ਕਰਨ ਦਾ ਕੋਈ ਮਤਲਬ ਨਹੀਂ ਹੈ। ਇਸ ਦੌਰਾਨ ਮੰਗ ਉਠਾਈ ਗਈ ਕਿ ਪਾਰਕਾਂ ਵਿੱਚ ਪਾਰਕ ਮੈਨੇਜਮੈਂਟ ਕਮੇਟੀ ਬਣਾਈ ਜਾਵੇ। ਕਸ਼ਮੀਰੀ ਪਾਰਕ ਵਿੱਚੋਂ ਨੈਸਲੇ ਵੱਲੋਂ ਕਿਰਾਏ ’ਤੇ ਰੱਖੇ ਤਿੰਨ ਬਾਗਬਾਨਾਂ ਨੂੰ ਹਟਾਉਣ ਦਾ ਮੁੱਦਾ ਵੀ ਉਠਾਇਆ ਗਿਆ। ਇਸ ’ਤੇ ਮੇਅਰ ਬਲਜੀਤ ਸਿੰਘ ਚਾਨੀ ਅਤੇ ਜੁਆਇੰਟ ਕਮਿਸ਼ਨਰ ਗੁਰਪ੍ਰੀਤ ਸਿੰਘ ਨੂੰ ਵਿਚਾਰ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਕੌਂਸਲਰ ਵਿਜੇ ਭੂਸ਼ਨ ਟੀਟੂ ਨੇ ਮਹਿਮੇਆਣਾ ਰੋਡ ਦਾ ਮੁੱਦਾ ਵੀ ਉਠਾਇਆ ਹੈ। ਇਸ ਸਬੰਧੀ ਵੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਾਕਮ ਧਿਰ ਨਾਲ ਜੁੜੇ ਕੌਂਸਲਰਾਂ ਵਿੱਚ ਪੱਖਪਾਤੀ ਰਵੱਈਏ ਤੋਂ ਨਾਰਾਜ਼ਗੀ ਕਾਰਨ ਅਗਾਮੀ ਦਿਨਾਂ ਵਿਚ ਹੋਣ ਵਾਲੇ ਜਨਰਲ ਹਾਊਸ ਹੰਗਾਮਾ ਭਰਪੂਰ ਰਹਿਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਜਟ ਮੀਟਿੰਗ ਵਿਚ ਕੌਂਸਲਰਾਂ ਨੇ ਨਰਾਜ਼ਗੀ ਜਤਾਈ ਕਿ ਕਰੀਬ ਸਾਲ ਤੋਂ ਨਗਰ ਨਿਗਮ ਹਾਊਸ ਦੀ ਇੱਕ ਵੀ ਮੀਟਿੰਗ ਨਹੀਂ ਹੋਈ।