ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਫਰਵਰੀ
ਇਥੇ ਨਗਰ ਨਿਗਮ ਵਾਰਡ ਨੰਬਰ 16 ਦੇ ਬੂਥ ਨੰਬਰ 42 ਉੱਤੇ ਕੋਈ ਵੀ ਵੋਟਰ ਵੋਟ ਪਾਉਣ ਲਈ ਨਾ ਪੁੱਜਾ ਤਾਂ ਚੋਣ ਅਮਲੇ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੁਸ਼ਕਲ ’ਚ ਫ਼ਸੇ ਚੋਣ ਅਮਲੇ ਨੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਤਾਂ ਗਲਤੀ ਦਾ ਅਹਿਸਾਸ ਹੋਇਆ ਤੇ ਚੋਣ ਅਮਲਾ ਵਾਪਸ ਬੁਲਾ ਲਿਆ ਗਿਆ। ਰਿਟਰਨਿੰਗ ਅਧਕਾਰੀ ਕਮ ਐਕਸੀਅਨ ਪੀਬੀਡਬਲਿਊਡੀ (ਬੀਐਂਡਆਰ) ਹਰਿੰਦਰ ਸਿੰਘ ਢਿੱਲੋਂ ਨੇ ਗਲਤੀ ਦੀ ਪੁਸ਼ਟੀ ਕਰਦੇ ਦੱਸਿਆ ਕਿ ਚੋਣ ਅਮਲਾ ਵਾਪਸ ਬੁਲਾ ਕੇ ਉਸ ਨੂੰ ਰਿਜ਼ਰਵ ਅਮਲੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਕੱਲ੍ਹ ਵਾਰਡ ਨੰਬਰ 16 ਦੇ ਬੂਥ ਨੰਬਰ 42 ਉੱਤੇ ਵੋਟਾਂ ਪਵਾਉਣ ਲਈ ਚੋਣ ਅਮਲਾ ਆਈਟੀਆਈ ਤੋਂ ਰਵਾਨਾ ਕੀਤਾ ਗਿਆ ਸੀ। ਅੱਜ ਕਈ ਘੰਟੇ ਬੀਤ ਜਾਣ ਬਾਅਦ ਜਦੋਂ ਕੋਈ ਵੀ ਵੋਟਰ ਉਥੇ ਵੋਟ ਪਾਉਣ ਲਈ ਨਾ ਗਿਆ ਤਾਂ ਚੋਣ ਅਮਲੇ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਨ੍ਹਾਂ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਦਾਂ। ਇਸ ਮਾਮਲੇ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਵੋਟਾਂ ਦੀ ਸੁਧਾਈ ਸੂਚੀ ਬਾਅਦ ਇਸ ਬੂਥ ਦੀਆਂ ਵੋਟਾਂ ਕੱਟਕੇ ਵਾਰਡ ਨੰਬਰ 24 ਤੇ 25 ਤੇ ਬੂਥਾਂ ਵਿੱਚ ਜੋੜ ਦੇਣ ਨਾਲ ਇਹ ਬੂਥ ਖਾਲ੍ਹੀ ਰਹਿ ਗਿਆ ਸੀ ਪਰ ਪ੍ਰਸ਼ਾਸਨ ਦੀ ਪਹਿਲਾਂ ਤੋਂ ਚੋਣਾਂ ਦੀ ਤਿਆਰੀ ਕਾਰਨ ਕੰਪਿਊਟਰ ਵਿੱਚ ਡਾਟਾ ਠੀਕ ਨਾ ਕੀਤਾ ਗਿਆ।