ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਅਪਰੈਲ
ਇਥੇ ਥਾਣਾ ਨਿਹਾਲ ਸਿੰਘ ਵਾਲਾ ਨੇ ਬੀਤੀ ਰਾਤ ਪਿੰਡ ਮਾਣੂੰਕੇ ਗਿੱਲ ਵਿਖੇ ਪਰਵਾਸੀ ਪੰਜਾਬੀ ਦੀ ਸਕਾਰਪੀਓ ਨੂੰ ਅੱਗ ਲਗਾ ਕੇ ਸਾੜਨ, ਲੁੱਟ ਖੋਹ ਤੇ ਪਤਨੀ ਨਾਲ ਛੇੜਛਾੜ ਦੋਸ਼ ਹੇਠ 5 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾ ਤੇ ਜਾਂਚ ਅਧਿਕਾਰੀ ਏਐੱਸਆਈ ਹਰਬਿੰਦਰ ਸਿੰਘ ਨੇ ਦੱਸਿਆ ਕਿ ਪਰਵਾਸੀ ਪੰਜਾਬੀ ਹਨੀ ਕੁਮਾਰ ਪਿੰਡ ਝੰਡੇਆਣਾ ਅਨੁਸਾਰ ਉਹ ਵੈਨਕੂਵਰ(ਕੈਨੇਡਾ) ਰਹਿੰਦਾ ਹੈ, ਉਸ ਦੇ ਭਰਾ ਦਾ 4 ਅਪਰੈਲ ਨੂੰ ਵਿਆਹ ਹੈ। ਉਹ ਲੰਘੀ ਰਾਤ ਆਪਣੇ ਨਾਨਕੇ ਪਿੰਡ ਮਾਣੂੰਕੇ ਤੋਂ ਪਤਨੀ, ਧੀ ਅਤੇ ਨਾਨੀ ਨੂੰ ਸਕਾਰਪੀਓ ਵਿੱਚ ਵਾਪਸ ਪਿੰਡ ਝੰਡੇਆਣਾ ਪਰਤਣ ਲੱਗਾ ਸੀ। ਉਹ ਗੱਡੀ ਬੈੱਕ ਕਰਨ ਲੱਗਾ ਤਾਂ ਉਥੇ ਖੜੇ 5 ਨੌਜਵਾਨਾਂ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਗੋਬਿੰਦ ਸਿੰਘ ਉਰਫ਼ ਕੁੰਦਨ, ਸੰਦੀਪ ਸਿੰਘ, ਗੁਰਦੀਪ ਸਿੰਘ ਉਰਫ਼ ਬੋਹੜਾ, ਕ੍ਰਿਸ਼ਨ ਸਿੰਘ ਉਰਫ਼ ਪਾਲੀ (ਸਾਰੇ ਪਿੰਡ ਮਾਣੂੰਕੇ ਗਿੱਲ) ਨੇ ਪਰਵਾਸੀ ਨਾਲ ਝਗੜਾ ਸ਼ੁਰੂ ਕਰ ਦਿੱਤਾ। ਪਰਵਾਸੀ ਪੰਜਾਬੀ ਨੇ ਦੋਸ਼ ਲਾਏ ਹਨ ਕਿ ਮੁਲਜ਼ਮਾਂ ਨੇ ਉਸ ਨੂੰ ਗੱਡੀ ’ਚੋਂ ਖਿੱਚਕੇ ਉਤਾਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਉਸਦੀ ਪਤਨੀ ਦੀ ਬਾਂਹ ਫੜ ਲਈ ਅਤੇ ਛੇੜਛਾੜ ਕੀਤੀ। ਪਰਵਾਸੀ ਪੰਜਾਬੀ ਮੁਤਾਬਕ ਉਸਦੇ ਪਰਿਵਾਰਕ ਮੈਂਬਰਾਂ ਨੇ ਲੁਕ ਕੇ ਜਾਨ ਬਚਾਈ ਅਤੇ ਰੌਲਾ ਪੈਣ ਉੱਤੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਮੁਲਜਮ ਗੱਡੀ ਨੂੰ ਅੱਗ ਨਾਲ ਸਾੜਨ ਅਤੇ ਗੱਡੀ ਵਿੱਚ ਪਏ ਬੈਗ ਵਿੱਚੋਂ ਨਗਦੀ ਤੇ ਸੋਨਾ ਲੁੱਟਣ ਬਾਅਦ ਫ਼ਰਾਰ ਹੋ ਗਏ।